ਨਵੀਂ ਦਿੱਲੀ, 11 ਅਗਸਤ
ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਕੇ.ਨਟਵਰ ਸਿੰਘ(93) ਦਾ ਸ਼ਨਿੱਚਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦੀ ਸਿਹਤ ਪਿਛਲੇ ਲੰਮੇ ਸਮੇਂ ਤੋਂ ਨਾਸਾਜ਼ ਸੀ। ਉਨ੍ਹਾਂ ਦਿੱਲੀ ਨੇੜਲੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਆਖਰੀ ਸਾਹ ਲਾਏ, ਜਿੱਥੇ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਦਾਖ਼ਲ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਿੰਘ ਦਾ ਜਨਮ 1931 ਵਿਚ ਰਾਜਸਥਾਨ ਜ਼ਿਲ੍ਹੇ ਦੇ ਭਰਤਪੁਰ ਵਿਚ ਹੋਇਆ ਸੀ। ਉਨ੍ਹਾਂ ਨੂੰ 1984 ਵਿਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਪਰਿਵਾਰਕ ਸੂਤਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਨਟਵਰ ਸਿੰਘ ਵੱਲੋਂ ਆਖਰੀ ਸਾਹ ਲੈਣ ਮੌਕੇ ਉਨ੍ਹਾਂ ਦਾ ਪੁੱਤਰ ਜਗਤ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਸਾਬਕਾ ਕਾਂਗਰਸੀ ਐੱਮਪੀ, ਸਿੰਘ 2004-05 ਵਿਚ ਤੱਤਕਾਲੀ ਮਨਮੋਹਨ ਸਿੰਘ ਸਰਕਾਰ ਵਿਚ ਵਿਦੇਸ਼ ਮੰਤਰੀ ਸਨ। ਉਹ ਪਾਕਿਸਤਾਨ ਵਿਚ ਭਾਰਤ ਦੇ ਰਾਜਦੂਤ ਵੀ ਰਹੇ ਅਤੇ 1966 ਤੋਂ 1971 ਤੱਕ ਪ੍ਰ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦਫ਼ਤਰ ਨਾਲ ਜੁੜੇ ਰਹੇ। ਸਿੰਘ ਨੇ ਆਪਣੀ ਆਤਮਕਥਾ ‘ਵਨ ਲਾਈਫ ਇਜ਼ ਨੌਟ ਇਨਫ਼’ ਸਣੇ ਕਈ ਹੋਰ ਕਿਤਾਬਾਂ ‘ਦਿ ਲੈਗੇਸੀ ਆਫ਼ ਨਹਿਰੂ: ਏ ਮੈਮੋਰੀਅਲ ਟ੍ਰਿਬਿਊਟ’ ਤੇ ‘ਮਾਈ ਚਾਈਨਾ ਡਾਇਰੀ 1956-88’ ਵੀ ਲਿਖੀਆਂ। ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਐਕਸ ’ਤੇ ਇਕ ਪੋਸਟ ਵਿਚ ਨਟਵਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਕਾਬਿਲੇਗੌਰ ਹੈ ਕਿ ਕੁੰਵਰ ਨਟਵਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਰਿਸ਼ਤੇਦਾਰ ਹਨ।