ਲਖਨਊ, 8 ਮਾਰਚ
ਰਾਜਸਥਾਨ ਦੇ ਸਾਬਕਾ ਰਾਜਪਾਲ ਅੰਸ਼ੂਮਨ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਲਖਨਊ ਦੇ ਸੰਜੇ ਗਾਂਧੀ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿੱਚ ਆਖ਼ਰੀ ਸਾਹ ਲਏ। ਉਹ 86 ਸਾਲ ਦੇ ਸਨ। ਜਾਣਕਾਰੀ ਅਨੁਸਾਰ ਅੰਸ਼ੂਮਨ ਸਿੰਘ ਨੂੰ ਕਰੋਨਾਵਾਇਰਸ ਨਾਲ ਸਬੰਧਤ ਸਮੱਸਿਆਵਾਂ ਕਾਰਨ 8 ਫਰਵਰੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ ਤੇ ਉਨ੍ਹਾਂ ਦੇ ਅਹਿਮ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅੰਸ਼ੂਮਨ ਸਿੰਘ ਨੇ 19 ਜਨਵਰੀ, 1999 ਵਿੱਚ ਰਾਜਸਥਾਨ ਦੇ ਰਾਜਪਾਲ ਦਾ ਅਹੁਦਾ ਸੰਭਾਲਿਆ ਸੀ ਤੇ ਉਹ 2003 ਤਕ ਇਸ ਅਹੁਦੇ ’ਤੇ ਰਹੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਹੋਰਨਾਂ ਕਈ ਆਗੂਆਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ