ਮਹਿਸਾਣਾ, 15 ਸਤੰਬਰ
ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਵਿਪੁਲ ਚੌਧਰੀ ਨੂੰ ਦੁੱਧਸਾਗਰ ਡੇਅਰੀ ਵਿੱਚ ਕਰੀਬ 500 ਕਰੋੜ ਰੁਪਏ ਦੀਆਂ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਰਾਜ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਨੇ ਹਿਰਾਸਤ ਵਿੱਚ ਲਿਆ ਹੈ। ਚੌਧਰੀ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਹਨ। ਫੈਡਰੇਸ਼ਨ ਕੋਲ ਅਮੂਲ ਬ੍ਰਾਂਡ ਦੀ ਮਾਲਕੀ ਹੈ। ਚੌਧਰੀ ਮਹਿਸਾਣਾ ਦੀ ਦੁੱਧਸਾਗਰ ਡੇਅਰੀ ਦੇ ਮੁਖੀ ਵੀ ਰਹਿ ਚੁੱਕੇ ਹਨ। ਏਸੀਬੀ ਦੇ ਸੰਯੁਕਤ ਨਿਰਦੇਸ਼ਕ ਮਕਰੰਦ ਚੌਹਾਨ ਨੇ ਕਿਹਾ ਕਿ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਸ਼ੈਲੇਸ਼ ਪਾਰਿਖ ਨੂੰ ਵੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਰਾਤ ਨੂੰ ਮਹਿਸਾਣਾ ਤੋਂ ਹਿਰਾਸਤ ਵਿੱਚ ਲਿਆ ਸੀ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਕਰੋਨਵਾਇਰਸ ਲਈ ਟੈਸਟ ਕਰਵਾਉਣ ਤੋਂ ਬਾਅਦ ਅਧਿਕਾਰਤ ਤੌਰ ‘ਤੇ ਗ੍ਰਿਫਤਾਰ ਕੀਤਾ ਜਾਵੇਗਾ। ਚੌਧਰੀ ਨੂੰ ਚਾਰੇ ਦੀ ਖਰੀਦ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਜੀਸੀਐੱਮਐੱਮਐੱਫ ਅਤੇ ਦੁੱਧਸਾਗਰ ਡੇਅਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਹ 1996 ਵਿੱਚ ਸ਼ੰਕਰ ਸਿੰਘ ਵਾਘੇਲਾ ਸਰਕਾਰ ਵਿੱਚ ਗ੍ਰਹਿ ਮੰਤਰੀ ਸਨ।