ਤਿਰੂਵਨੰਤਪੁਰਮ/ਬੰਗਲੂਰੂ, 18 ਜੁਲਾਈ
ਸੀਨੀਅਰ ਕਾਂਗਰਸ ਆਗੂ ਤੇ ਦੋ ਵਾਰ ਕੇਰਲਾ ਦੇ ਮੁੱਖ ਮੰਤਰੀ ਰਹੇ ਓਮਨ ਚਾਂਡੀ ਦਾ ਅੱਜ ਸੁਵੱਖਤੇ ਬੰਗਲੁਰੂ ਵਿਚ ਦੇਹਾਂਤ ਹੋ ਗਿਆ। ਸਾਬਕਾ ਮੁੱਖ ਮੰਤਰੀ ਦੀ ਮੌਤ ਬਾਰੇ ਜਾਣਕਾਰੀ ਉਨ੍ਹਾਂ ਦੇ ਪੁੱਤਰ ਚਾਂਡੀ ਓਮਨ ਨੇ ਸਾਂਝੀ ਕੀਤੀ। ਚਾਂਡੀ (79) ਨੇ ਬੰਗਲੁਰੂ ਦੇ ਪ੍ਰਾਈਵੇਟ ਹਸਪਤਾਲ ਵਿਚ ਅੱਜ ਸਵੇਰੇ 4.25 ’ਤੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਕੁਝ ਮਹੀਨਿਆਂ ਤੋਂ ਬੰਗਲੂਰੂ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਆਗੂਆਂ ਸੋਨੀਆ ਤੇ ਰਾਹੁਲ ਗਾਂਧੀ ਨੇ ਅੱਜ ਬੰਗਲੂਰੂ ਵਿਚ ਹੀ ਚਾਂਡੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਤੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਵੀ ਹਾਜ਼ਰ ਸਨ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਵੀ ਚਾਂਡੀ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ। ਚਾਂਡੀ ਕੁੱਲ ਸੱਤ ਸਾਲ ਲਈ (2004-2006 ਤੇ 2011-16) ਦੋ ਵਾਰ ਕੇਰਲਾ ਦੇ ਮੁੱਖ ਮੰਤਰੀ ਰਹੇ। ਬੰਗਲੂਰੂ ਤੋਂ ਬਾਅਦ ਦੁਪਹਿਰ ਕਾਂਗਰਸ ਆਗੂ ਦੀ ਦੇਹ ਨੂੰ ਤਿਰੂਵਨੰਤਪੁਰਮ ਲਿਆਂਦਾ ਗਿਆ। ਭਲਕੇ ਸਾਬਕਾ ਮੁੱਖ ਮੰਤਰੀ ਦੀ ਦੇਹ ਨੂੰ ਜੱਦੀ ਕਸਬੇ ਪੁਥੂਪੱਲੀ ਲਿਜਾਇਆ ਜਾਵੇਗਾ। ਉੱਥੇ ਹੀ ਵੀਰਵਾਰ ਨੂੰ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਕੇਂਦਰੀ ਮੰਤਰੀਆਂ, ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ, ਕਈ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਹੋਰਾਂ ਨੇ ਚਾਂਡੀ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟਾਇਆ। ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸੀਨੀਅਰ ਕਾਂਗਰਸ ਆਗੂ ਪ੍ਰਸ਼ਾਸਕੀ ਤਜਰਬੇ ਰਾਹੀਂ ‘ਅਮਿੱਟ ਛਾਪ ਛੱਡ ਗਏ ਹਨ।’ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਜੋ ਚਾਂਡੀ ਦੇ ਨਾਲ ਹੀ 1970 ’ਚ ਵਿਧਾਇਕ ਬਣੇ ਸਨ, ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਸਿਆਸਤ ਦਾ ਮਹੱਤਵਪੂਰਨ ਅਧਿਆਏ ਖ਼ਤਮ ਹੋ ਗਿਆ ਹੈ। -ਪੀਟੀਆਈ
ਲਗਾਤਾਰ 53 ਸਾਲ ਵਿਧਾਇਕ ਰਹੇ ਚਾਂਡੀ
ਕੇਰਲਾ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਨੇ ਸੀਨੀਅਰ ਆਗੂ ਏਕੇ ਐਂਟਨੀ ਤੇ ਵਾਇਲਾਰ ਰਵੀ ਨਾਲ ਮਿਲ ਕੇ ਕੇਰਲਾ ਵਿਚ ਕਾਂਗਰਸ ਨੂੰ ਪੱਕੇ ਪੈਰੀਂ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਹ ਕੇਰਲਾ ਦੀ ਵਿਧਾਨ ਸਭਾ ਵਿਚ ਸਭ ਤੋਂ ਵੱਧ ਸਮਾਂ ਵਿਧਾਇਕ ਰਹੇ। ਕੋਟਿਅਮ ਜ਼ਿਲ੍ਹੇ ਦੀ ਪੁਥੂਪੱਲੀ ਸੀਟ ਤੋਂ ਉਹ ਲਗਾਤਾਰ 53 ਸਾਲ ਵਿਧਾਇਕ ਬਣ ਕੇ ਵਿਧਾਨ ਸਭਾ ਪਹੁੰਚਦੇ ਰਹੇ।