ਨਵੀਂ ਦਿੱਲੀ: ਭਾਰਤ ਦੇ ਸਾਬਕਾ ਪੋਲੋ ਖਿਡਾਰੀ ਅਤੇ ਅਰਜੁਨ ਐਵਾਰਡੀ ਹਰਿੰਦਰ ਸਿੰਘ ਸੋਢੀ (86) ਦਾ ਬੀਤੀ ਦੇਰ ਰਾਤ ਉਮਰ ਸਬੰਧੀ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਅਤੇ ਦੋ ਧੀਆਂ ਹਨ। ਆਪਣੇ ਸ਼ਾਨਦਾਰ ਕਰੀਅਰ ਵਿੱਚ ਉਨ੍ਹਾਂ ਪੰਜ ਤੋਂ ਵੱਧ ਗੋਲ ਦਾ ਹੈਂਡੀਕੈਪ ਪ੍ਰਾਪਤ ਕੀਤਾ ਸੀ। ਉਹ ਪੋਲੋ ਜਗਤ ਵਿੱਚ ‘ਬਿਲੀ’ ਸੋਢੀ ਦੇ ਨਾਂ ਨਾਲ ਮਸ਼ਹੂਰ ਸਨ। ਹਰਿੰਦਰ ਨੂੰ ਮਹਾਨ ਹਨੂਤ ਸਿੰਘ, ਸਵਾਈ ਮਾਨ ਸਿੰਘ (ਜੈਪੁਰ ਦੇ ਮਹਾਰਾਜਾ) ਅਤੇ ਬਾਅਦ ਵਿੱਚ ਉਨ੍ਹਾਂ ਦੇ ਪੁੱਤਰ ਭਵਾਨੀ ਸਿੰਘ ਨਾਲ ਪੋਲੋ ਖੇਡਣ ਦਾ ਤਜਰਬਾ ਹਾਸਲ ਸੀ। ਉਹ 1980 ਮਾਸਕੋ ਓਲੰਪਿਕ ਦੌਰਾਨ ਭਾਰਤੀ ਘੋੜਸਵਾਰ ਟੀਮ ਦੇ ਮੈਨੇਜਰ ਸਨ। -ਪੀਟੀਆਈ