ਨਵੀਂ ਦਿੱਲੀ, 26 ਸਤੰਬਰ
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਦੇ 90ਵੇਂ ਜਨਮ ਦਿਨ ’ਤੇ ਵਧਾਈ ਦਿੱਤੀ ਹੈ ਅਤੇ ਆਖਿਆ ਕਿ ਉਨ੍ਹਾਂ ਦੀ ਨਿਮਰਤਾ, ਸਮਪਰਣ ਅਤੇ ਭਾਰਤ ਦੇ ਵਿਕਾਸ ਲਈ ਦਿੱਤੇ ਯੋਗਦਾਨ ਦਾ ਵਿਰਲਾ ਹੀ ਕੋਈ ਸਾਨੀ ਹੈ। ਅਰਥਸ਼ਾਸਤਰੀ ਵਜੋਂ ਜਾਣੇ ਜਾਂਦੇ ਸ੍ਰੀ ਮਨਮੋਹਨ ਸਿੰਘ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੌਰਾਨ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਰਹੇ ਹਨ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਉਹ (ਸ੍ਰੀ ਮਨਮੋਹਨ ਸਿੰਘ) ਮੇਰੇ ਲਈ ਅਤੇ ਕਰੋੜਾਂ ਹੋਰ ਭਾਰਤੀਆਂ ਲਈ ਪ੍ਰੇਰਨਾਸਰੋਤ ਹਨ। ਮੈਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਖੁਸ਼ੀ ਲਈ ਕਾਮਨਾ ਕਰਦਾ ਹਾਂ।’’ ਕਾਂਗਰਸ ਪਾਰਟੀ ਨੇ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ’ਤੇ ਵਧਾਈ ਦਿੱਤੀ ਹੈ। ਕਾਂਗਰਸ ਨੇ ਟਵੀਟ ਕੀਤਾ, “ਦੂਰਅੰਦੇਸ਼ੀ ਵਾਲੀ ਅਗਵਾਈ ਅਤੇ ਸਮਰਪਨ ਇਹ ਪਰਿਭਾਸ਼ਤ ਕਰਦਾ ਹੈ ਕਿ ਭਾਰਤ ਲਈ ਡਾ. ਮਨਮੋਹਨ ਸਿੰਘ ਦਾ ਕੀ ਅਰਥ ਹੈ। ਉਹ ਭਾਰਤ ਦੇ ਆਰਥਿਕ ਸੁਧਾਰਾਂ ਦੇ ਸੂਤਰਧਾਰ ਹਨ। ਇਹ ਉਨ੍ਹਾਂ ਦਾ ਦੂਰਅੰਦੇਸ਼ੀ ਨਜ਼ਰੀਆ ਸੀ ਜਿਸਨੇ ਭਾਰਤ ਦੀ ਆਰਥਿਕ ਕਹਾਣੀ ਨੂੰ ਅਗਲੇ ਪੱਧਰ ਤੱਕ ਪਹੁੰਚਾਇਆ।’’ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ। -ਪੀਟੀਆਈ