ਨਵੀਂ ਦਿੱਲੀ, 6 ਮਈ
ਸਾਬਕਾ ਕੇਂਦਰੀ ਮੰਤਰੀ ਤੇ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਪ੍ਰਧਾਨ ਚੌਧਰੀ ਅਜੀਤ ਸਿੰਘ ਦਾ ਅੱਜ ਗੁਰੂਗ੍ਰਾਮ ’ਚ ਕਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ। ਉਹ 82 ਸਾਲਾਂ ਦੇ ਸਨ। ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿਘ ਦੇ ਪੁੱਤਰ ਅਤੇ ਦੇਸ਼ ਦੇ ਅਹਿਮ ਕਿਸਾਨ ਆਗੂ ਅਜੀਤ ਸਿੰਘ 20 ਅਪਰੈਲ ਨੂੰ ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਦੇ ਪੁੱਤਰ ਦੇ ਮਥੁਰਾ ਤੇ ਸਾਬਕਾ ਸੰਸਦ ਮੈਂਬਰ ਜੈਯੰਤ ਚੌਧਰੀ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ, ‘ਚੌਧਰੀ ਸਾਹਿਬ ਨਹੀਂ ਰਹੇ।’ ਉਨ੍ਹਾਂ ਕਿਹਾ ਕਿ ਚੌਧਰੀ ਅਜੀਤ ਸਿੰਘ ਨੂੰ 20 ਅਪਰੈਲ ਨੂੰ ਕਰੋਨਾ ਹੋਇਆ ਸੀ। ਉਨ੍ਹਾਂ ਅਖੀਰ ਤੱਕ ਇਸ ਬਿਮਾਰੀ ਦਾ ਮੁਕਾਬਲਾ ਕੀਤਾ ਅਤੇ ਅੱਜ ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉੱਪਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਪ੍ਰਧਾਨ ਓਮ ਬਿਰਲਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਸਮੇਤ ਕਈ ਸਿਆਸੀ ਆਗੂਆਂ ਨੇ ਅਜੀਤ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ