ਨਵੀਂ ਦਿੱਲੀ: ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਮਹਾਗਠਬੰਧਨ ਸਰਕਾਰ ਬਣਾਉਣ ਦਾ ਫ਼ੈਸਲਾ ਭਾਜਪਾ ਦੇ ਮੂੰਹ ’ਤੇ ਚਪੇੜ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਾਂਗ ਹੀ ਸਾਰੀਆਂ ਵਿਰੋਧੀ ਧਿਰਾਂ ਦੇਸ਼ ਭਰ ’ਚ ਇਕਜੁੱਟ ਹੋਣਗੀਆਂ। ਤੇਜਸਵੀ ਨੇ ਅੱਜ ਇਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰ ਆਗੂਆਂ ਨਾਲ ਮੁਲਾਕਾਤ ਕਰਕੇ ਬਿਹਾਰ ਅਤੇ ਦੇਸ਼ ਦੇ ਸਿਆਸੀ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ। ਰਾਸ਼ਟਰੀ ਜਨਤਾ ਦਲ ਆਗੂ, ਜਿਨ੍ਹਾਂ 10 ਜਨਪਥ ’ਤੇ ਸੋਨੀਆ ਨਾਲ ਮੁਲਾਕਾਤ ਕੀਤੀ, ਨੇ ਦੋਸ਼ ਲਾਇਆ ਕਿ ਭਾਜਪਾ ਖੇਤਰੀ ਪਾਰਟੀਆਂ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ। ‘ਜੇਕਰ ਉਹ ਖ਼ਤਮ ਹੋ ਗਈਆਂ ਤਾਂ ਦੇਸ਼ ’ਚੋਂ ਵਿਰੋਧੀ ਧਿਰ ਅਤੇ ਲੋਕਤੰਤਰ ਦਾ ਖ਼ਾਤਮਾ ਹੋ ਜਾਵੇਗਾ।’ ਸ੍ਰੀ ਯਾਦਵ ਨੇ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਸੀਪੀਆਈ ਜਨਰਲ ਸਕੱਤਰ ਡੀ ਰਾਜਾ ਨਾਲ ਵੀ ਮੁਲਾਕਾਤ ਕੀਤੀ। ਤੇਜਸਵੀ ਨੇ ਕਿਹਾ ਕਿ ਮਹਾਗਠਬੰਧਨ ਨੇ ਨਿਤੀਸ਼ ਕੁਮਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਸੋਨੀਆ ਦੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਇਹ ਸਰਕਾਰ ਮਜ਼ਬੂਤੀ ਨਾਲ ਚਲੇਗੀ ਕਿਉਂਕਿ ਇਹ ਗਰੀਬਾਂ ਅਤੇ ਆਮ ਲੋਕਾਂ ਦੀ ਸਰਕਾਰ ਹੈ। ਨਿਤੀਸ਼ ਕੁਮਾਰ ਨੇ ਸਹੀ ਸਮੇਂ ’ਤੇ ਫ਼ੈਸਲਾ ਲਿਆ। ਤੁਸੀਂ ਆਖ ਸਕਦੇ ਹੋ ਕਿ ਇਹ ਭਾਜਪਾ ਦੇ ਚਿਹਰੇ ’ਤੇ ਚਪੇੜ ਹੈ।’’ ਯਾਦਵ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਬਿਹਾਰ ਵਿਧਾਨ ਸਭਾ ’ਚ ਭਾਜਪਾ ਖ਼ਿਲਾਫ਼ ਹੱਥ ਮਿਲਾ ਲਏ ਹਨ ਅਤੇ ਇਹ ਤਜਰਬਾ ਹੁਣ ਪੂਰੇ ਦੇਸ਼ ’ਚ ਕੀਤਾ ਜਾਵੇਗਾ। ‘ਲੋਕ ਮਹਿੰਗਾਈ ਤੋਂ ਪਰੇਸ਼ਾਨ ਹਨ। ਕੁਝ ਲੋਕ ਹਿੰਦੂ-ਮੁਸਲਿਮ ਤਣਾਅ ਪੈਦਾ ਕਰਕੇ ਅਤੇ ਸੰਵਿਧਾਨ ਤੇ ਲੋਕਤੰਤਰ ਖ਼ਤਰੇ ’ਚ ਪਾ ਕੇ ਅਤੇ ਭਾਈਚਾਰਕ ਸਾਂਝ ਤੋੜ ਕੇ ਰਾਜ ਕਰਨਾ ਚਾਹੁੰਦੇ ਹਨ। ਪਰ ਬਿਹਾਰ ਨੇ ਦੇਸ਼ ਨੂੰ ਨਵੀਂ ਰਾਹ ਦਿਖਾ ਦਿੱਤੀ ਹੈ।’ ਉਨ੍ਹਾਂ ਬਿਹਾਰ ’ਚ ਸਰਕਾਰ ਬਣਵਾਉਣ ਲਈ ਸੋਨੀਆ ਗਾਂਧੀ, ਸੀਤਾਰਾਮ ਯੇਚੁਰੀ, ਦੀਪਾਂਕਰ ਭੱਟਾਚਾਰੀਆ, ਡੀ ਰਾਜਾ ਅਤੇ ਲਾਲੂ ਪ੍ਰਸਾਦ ਦਾ ਧੰਨਵਾਦ ਕੀਤਾ ਹੈ। ਉਸ ਨੇ ਕਿਹਾ ਕਿ ਲਾਲੂ ਪ੍ਰਸਾਦ ਫਿਰਕੂ ਤਾਕਤਾਂ ਅਤੇ ਸਮਾਜਿਕ ਨਿਆਂ ਖ਼ਿਲਾਫ਼ ਲੜੇ ਸਨ ਅਤੇ ਉਹ ਕਦੇ ਵੀ ਡਰੇ ਨਹੀਂ ਤੇ ਨਾ ਹੀ ਅਜਿਹੀਆਂ ਤਾਕਤਾਂ ਅੱਗੇ ਝੁਕੇ। ਉਨ੍ਹਾਂ ਖੇਤਰੀ ਪਾਰਟੀਆਂ ਨੂੰ ਖ਼ਤਮ ਕਰਨ ਦਾ ਦੋਸ਼ ਲਾਉਂਦਿਆਂ ਮਹਾਰਾਸ਼ਟਰ ਅਤੇ ਝਾਰਖੰਡ ਦੀ ਮਿਸਾਲ ਦਿੱਤੀ। ‘ਭਾਜਪਾ ਉਨ੍ਹਾਂ ਨੂੰ ਡਰਾਉਂਦੀ ਹੈ ਜੋ ਡਰਦੇ ਹਨ ਅਤੇ ਉਨ੍ਹਾਂ ਨੂੰ ਖ਼ਰੀਦਦੀ ਹੈ ਜੋ ਵਿਕਣਾ ਚਾਹੁੰਦੇ ਹਨ।’ ਤੇਜਸਵੀ ਨੇ ਕਿਹਾ ਕਿ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਦੀ ਹਾਲਤ ਪੁਲੀਸ ਸਟੇਸ਼ਨਾਂ ਨਾਲੋਂ ਵੀ ਮਾੜੀ ਹੈ। ‘ਉਹ ਕਿਸ ਨੂੰ ਡਰਾਉਣਾ ਚਾਹੁੰਦੇ ਹਨ? ਅਸੀਂ ਬਿਹਾਰ ਦੇ ਲੋਕ ਡਰਦੇ ਨਹੀਂ ਹਾਂ। ਬਿਹਾਰੀ ਵਿਕਾਊ ਨਹੀਂ, ਟਿਕਾਊ ਹੁੰਦਾ ਹੈ।’ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਤੇਜਸਵੀ ਦਾ ਇਹ ਦਿੱਲੀ ਦਾ ਪਹਿਲਾ ਦੌਰਾ ਹੈ। ਰਾਸ਼ਟਰੀ ਜਨਤਾ ਦਲ ਸੁਪਰੀਮੋ ਲਾਲੂ ਪ੍ਰਸਾਦ ਵੀ ਦਿੱਲੀ ’ਚ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਆਗੂਆਂ ਨੇ ਹੋਰ ਬਣਾਏ ਜਾਣ ਵਾਲੇ ਮੰਤਰੀਆਂ ਦੇ ਨਾਵਾਂ ਨੂੰ ਵੀ ਅੰਤਿਮ ਰੂਪ ਦਿੱਤਾ ਹੈ। ਤੇਜਸਵੀ ਨੇ ਇਥੇ ਭੈਣਾਂ ਤੋਂ ਰੱਖੜੀ ਵੀ ਬੰਨ੍ਹਵਾਈ। -ਪੀਟੀਆਈ