ਅਯੁੱਧਿਆ, 5 ਅਗਸਤ
ਰਾਮ ਮੰਦਰ ਦਾ ਨੀਂਹ ਪੱਥਰ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਲੋਕਾਂ ਦੀ ਸਦੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਭਗਵਾਨ ਰਾਮ ਦੀ ਜਨਮਭੂਮੀ ਇਸ ਦੀ ਹੋਂਦ ਨੂੰ ਖ਼ਤਮ ਕਰਨ ਲਈ ਕੀਤੀਆਂ ਗਈਆਂ ਕਈ ਕੋਸ਼ਿਸ਼ਾਂ ਤੋਂ ਆਜ਼ਾਦ ਹੋ ਗਈ ਹੈ। ਅਯੁੱਧਿਆ ਵਿਚ ਭਾਰਤ ਹੁਣ ‘ਸ਼ਾਨਦਾਰ ਅਧਿਆਏ’ ਲਿਖ ਰਿਹਾ ਹੈ। ਸੁਨਹਿਰੀ ਰਵਾਇਤੀ ਧੋਤੀ-ਕੁੜਤਾ ਪਹਿਨ ਕੇ ਅਯੁੱਧਿਆ ਆਏ ਮੋਦੀ ਨੇ ਗਲ ’ਚ ਭਗਵਾਂ ਗਮਚਾ ਪਾਇਆ ਹੋਇਆ ਸੀ। ਮੋਦੀ ਨੇ ਕਿਹਾ ਕਿ ਭਗਵਾਨ ਰਾਮ ਭਾਰਤ ਦੀ ਅਨੇਕਤਾ ਨੂੰ ਏਕਤਾ ਵਿਚ ਪਰੋਣ ਵਾਲਾ ਸਾਂਝਾ ਧਾਗਾ ਹਨ। ਉਨ੍ਹਾਂ ਭਾਰਤ ਦੇ ਆਜ਼ਾਦੀ ਅੰਦੋਲਨ ਅਤੇ ਰਾਮ ਮੰਦਰ ਲਈ ਲੋਕਾਂ ਦੇ ‘ਸਦੀਆਂ’ ਦੇ ਸੰਘਰਸ਼ ਨੂੰ ਜੋੜਦਿਆਂ ਕਿਹਾ ਕਿ ਸਾਰਾ ਭਾਰਤ ਖ਼ੁਸ਼ ਤੇ ਭਾਵੁਕ ਹੈ। ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਕੁਰਬਾਨੀਆਂ ਤੇ ਸੰਕਲਪਾਂ ਦੀ ਅਹਿਮੀਅਤ ਦੱਸਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ 15 ਅਗਸਤ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਤਰਜਮਾਨੀ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਲਿਖਿਆ ਹੀ ਨਹੀਂ, ਦੁਹਰਾਇਆ ਗਿਆ ਹੈ। ਮੰਦਰ ਲਈ ਹਰ ਕਿਸੇ ਨੇ ਪੱਥਰ, ਮਿੱਟੀ ਤੇ ਪਵਿੱਤਰ ਜਲ ਪਹੁੰਚਾਇਆ, ਬਿਲਕੁਲ ਉਸੇ ਤਰ੍ਹਾਂ ਜਿਵੇਂ ਆਜ਼ਾਦੀ ਲਈ ਸੰਘਰਸ਼ ਦੌਰਾਨ ਦਲਿਤਾਂ-ਆਦਿਵਾਸੀਆਂ ਸਣੇ ਸਮਾਜ ਦੇ ਹਰੇਕ ਵਰਗ ਨੇ ਮਹਾਤਮਾ ਗਾਂਧੀ ਨੂੰ ਸਹਿਯੋਗ ਦਿੱਤਾ। ਮੋਦੀ ਨੇ ਕਿਹਾ ਕਿ ‘ਸਾਲਾਂਬੱਧੀ ਟੈਂਟ ਵਿਚ ਰਹੇ ਰਾਮਲੱਲਾ ਲਈ ਹੁਣ ਸ਼ਾਨਦਾਰ ਮੰਦਰ ਬਣ ਰਿਹਾ ਹੈ। ਵਿਰਾਸਤਾਂ ਤਬਾਹ ਕੀਤੀਆਂ ਗਈਆਂ, ਪਰ ਰਾਮ ਸਾਡੇ ਦਿਲਾਂ ਵਿਚ ਵਸਦੇ ਹਨ, ਸਾਡੀ ਵਿਰਾਸਤ ਦਾ ਮੁੱਢ ਹਨ।’ ਉਨ੍ਹਾਂ ਕਿਹਾ ਕਿ ਸ਼ਾਨਦਾਰ ਮੰਦਰ ਸਾਡੇ ਵਿਰਸੇ, ਰੂਹਾਨੀ ਵਿਸ਼ਵਾਸਾਂ, ਕੌਮ ਦੀ ਰੂਹ ਤੇ ਮਨੁੱਖਤਾ ਦਾ ਵਰਤਮਾਨ ਪ੍ਰਤੀਕ ਹੈ ਤੇ ਇਨ੍ਹਾਂ ਨੂੰ ਉਤਸ਼ਾਹਿਤ ਕਰੇਗਾ। ਮੋਦੀ ਨੇ ਕਿਹਾ ਕਿ ‘ਰਾਮ ਸਾਰਿਆਂ ਦੇ ਸਾਂਝੇ ਹਨ ਤੇ ਸਾਰਿਆਂ ਦੇ ਅੰਦਰ ਹਨ।’ ਆਪਣੇ 35 ਮਿੰਟ ਦੇ ਟੈਲੀਵਿਜ਼ਨ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਦਰ ਮੁਲਕ ਨੂੰ ਜੋੜਨ ਦਾ ਜ਼ਰੀਆ ਹੈ। ‘ਭੂਮੀ ਪੂਜਨ’ ਸਮਾਗਮ ਮੌਕੇ ਹਾਜ਼ਰ 175 ਜਣਿਆਂ ’ਚ ਆਰਐੱਸਐੱਸ ਮੁਖੀ ਮੋਹਨ ਭਾਗਵਤ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਕਈ ਸੰਤ ਹਾਜ਼ਰ ਸਨ। ਮੰਦਰ ਨਿਰਮਾਣ ‘ਆਪਸੀ ਸਨੇਹ ਤੇ ਭਾਈਚਾਰੇ’ ਨਾਲ ਕਰਨ ਦਾ ਸੱਦਾ ਦਿੰਦਿਆਂ ਮੋਦੀ ਨੇ ਭਗਵਾਨ ਰਾਮ ਨਾਲ ਜੁੜੀਆਂ ਕਦਰਾਂ-ਕੀਮਤਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ‘ਸਾਨੂੰ ਹਰ ਕਿਸੇ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਣਾ ਪਵੇਗਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਦਰ ਸਾਡੀ ਅਮੀਰ ਵਿਰਾਸਤ ਨੂੰ ਸਿਜਦਾ ਹੈ। ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਤੇ ਅੰਤ ਭਗਵਾਨ ਰਾਮ ਅਤੇ ਸੀਤਾ ਦੇ ਜ਼ਿਕਰ ਨਾਲ ਕੀਤਾ ਤੇ ‘ਸੀਆਵਰ ਰਾਮਚੰਦਰ ਕੀ ਜੈ’ ਅਤੇ ‘ਜੈ ਸੀਆ ਰਾਮ’ ਦਾ ਜਾਪ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਤੱਕ ਵਿਕਾਸ ਹਰ ਕਿਸੇ ਦੇ ਭਰੋਸੇ ਅਤੇ ਮਦਦ ਨਾਲ ਪਹੁੰਚੇਗਾ। ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਜਦ ਮਨੁੱਖਤਾ ਨੇ ਰਾਮ ਵਿਚ ਭਰੋਸਾ ਜਤਾਇਆ ਹੈ ਤਾਂ ਵਿਕਾਸ ਹੋਇਆ ਹੈ ਤੇ ਜਦ ਉਨ੍ਹਾਂ ਦੇ ਦੱਸੇ ਮਾਰਗ ਤੋਂ ਅਸੀਂ ਹਟੇ ਹਾਂ ਤਾਂ ਤਬਾਹੀ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮਾਇਣ ਕਈ ਖਿੱਤਿਆਂ ਤੇ ਭਾਸ਼ਾਵਾਂ ਵਿਚ ਵੱਖ-ਵੱਖ ਢੰਗ ਨਾਲ ਲਿਖੀ ਗਈ ਹੈ ਤੇ ਰਾਮ ਕਈ ਮੁਲਕਾਂ ਵਿਚ ਪੂਜੇ ਜਾਂਦੇ ਹਨ। ਇੰਡੋਨੇਸ਼ੀਆ ਵਿਚ ਵੀ ਉਨ੍ਹਾਂ ਦੀ ਪੂਜਾ ਹੁੰਦੀ ਹੈ ਜਿੱਥੇ ਦੁਨੀਆ ਦੀ ਸਭ ਤੋਂ ਵੱਧ ਮੁਸਲਿਮ ਆਬਾਦੀ ਹੈ। ਇਸ ਤੋਂ ਪਹਿਲਾਂ ਮੋਦੀ ਅਯੁੱਧਿਆ ਪਹੁੰਚ ਕੇ ਹਨੂੰਮਾਨਗੜ੍ਹੀ ਨਤਮਸਤਕ ਹੋਏ ਤੇ ਮਗਰੋਂ ਮੰਦਰ ਉਸਾਰੀ ਵਾਲੀ ਥਾਂ ਗਏ।
ਕਰੀਬ 12.44 ’ਤੇ ਉਨ੍ਹਾਂ ਨੀਂਹ ਪੱਥਰ ਰੱਖ ਦਿੱਤਾ। ਆਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਭਗਵਾਨ ਰਾਮ, ਰਾਮ ਰਾਜ, ਰਾਮਚਰਿਤਮਾਨਸ ਦਾ ਜ਼ਿਕਰ ਕੀਤਾ। ਭਾਸ਼ਣ ਦੇ ਅੰਤ ਵਿਚ ਉਨ੍ਹਾਂ ਕਰੋਨਾਵਾਇਰਸ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਮਰਿਆਦਾ’ ਬਣੀ ਰਹਿਣੀ ਚਾਹੀਦੀ ਹੈ। ਮਹਾਮਾਰੀ ਦੇ ਟਾਕਰੇ ਲਈ ਵਿੱਥ ਬਰਕਰਾਰ ਰੱਖੀ ਜਾਵੇ ਤੇ ਮਾਸਕ ਪਹਿਨੇ ਜਾਣ। -ਪੀਟੀਆਈ
ਮੋਦੀ ਦੀ ਮਾਂ ਨੇ ਟੀਵੀ ’ਤੇ ਲਾਈਵ ਦੇਖਿਆ ‘ਭੂਮੀ ਪੂਜਨ’
ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਨੇ ‘ਭੂਮੀ ਪੂਜਨ’ ਸਮਾਗਮ ਗਾਂਧੀਨਗਰ ਨੇੜੇ ਸਥਿਤ ਰਿਹਾਇਸ਼ ’ਤੇ ਟੀਵੀ ਉਤੇ ਲਾਈਵ ਦੇਖਿਆ। ਰਾਜ ਸੂਚਨਾ ਵਿਭਾਗ ਨੇ ਹੀਰਾਬਾ ਦੀਆਂ ਫੋਟੋਆਂ ਰਿਲੀਜ਼ ਕੀਤੀਆਂ ਹਨ। ਉਹ ਹੱਥ ਜੋੜ ਕੇ ਕੁਰਸੀ ਉਤੇ ਬੈਠੇ ਹੋਏ ਸਨ ਤੇ ਮੋਦੀ ਨੂੰ ‘ਭੂਮੀ ਪੂਜਾ’ ਕਰਦਿਆਂ ਦੇਖ ਰਹੇ ਸਨ। ਹੀਰਾਬਾ ਆਪਣੇ ਛੋਟੇ ਬੇਟੇ ਪੰਕਜ ਮੋਦੀ ਨਾਲ ਗਾਂਧੀਨਗਰ ਨੇੜੇ ਰਹਿੰਦੇ ਹਨ। -ਪੀਟੀਆਈ
‘ਧਰਮ ਨੂੰ ਬਚਾਉਣ ਲਈ ਦੇੇਸ਼ ਦੀ ਕਮਾਨ ਹਿੰਦੂਆਂ ਹੱਥ ਜ਼ਰੂਰੀ’
ਬੰਗਲੂਰੂ: ਭਾਜਪਾ ਦੇ ਬੰਗਲੌਰ ਦੱਖਣੀ ਤੋਂ ਤੇਜ਼ ਤੱਰਾਰ ਸੰਸਦ ਮੈਂਬਰ ਤੇਜੱਸਵੀ ਸੂਰਿਆ ਨੇ ਅੱਜ ਕਿਹਾ ਕਿ ਧਰਮ (ਦੀ ਹੋਂਦ) ਨੂੰ ਬਚਾਉਣ/ਜਿਉਂਦੇ ਰੱਖਣ ਲਈ ਜ਼ਰੂਰੀ ਹੈ ਕਿ ਦੇਸ਼ ਦੀ ਸੱਤਾ ਦਾ ਪੂਰਾ ਕੰਟਰੋਲ ਹਿੰਦੂਆਂ ਹੱਥ ਹੋਵੇੇ। ਸੂਰਿਆ ਨੇ ਇਹ ਟਿੱਪਣੀਆਂ ਲੜੀਵਾਰ ਟਵੀਟਾਂ ਜ਼ਰੀਏ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਲਈ ਰੱਖੇ ਨੀਂਹ ਪੱਥਰ ਤੇ ਭੂਮੀ ਪੂਜਨ ਸਮਾਗਮ ’ਚ ਸ਼ਿਰਕਤ ਕੀਤੀ ਹੈ। ਭਾਜਪਾ ਯੂਥ ਵਿੰਗ ਦੇ ਸੂਬਾਈ ਜਨਰਲ ਸਕੱਤਰ ਸੂਰਿਆ ਨੇ ਇਕ ਟਵੀਟ ’ਚ ਕਿਹਾ, ‘ਪਿਆਰੇ ਹਿੰਦੂਓ, ਸਭ ਤੋਂ ਅਹਿਮ ਸਬਕ ਇਹੀ ਹੈ ਕਿ ਧਰਮ ਦੀ ਹੋਂਦ ਨੂੰ ਬਚਾ ਕੇ ਰੱਖਣ ਲਈ ਸੱਤਾ ਦੀ ਕਮਾਨ ਹਿੰਦੂਆਂ ਹੱਥ ਹੋਵੇ। ਜਦੋਂ ਸੱਤਾ ਸਾਡੇ ਹੱਥ ਨਹੀਂ ਸੀ, ਅਸੀਂ ਆਪਣਾ ਮੰਦਰ ਗੁਆ ਲਿਆ। ਜਦੋਂ ਸੱਤਾ ਹੱਥ ਆਈ ਤਾਂ ਅਸੀ ਇਸ ਨੂੰ ਮੁੜ ਬਣਾ ਲਿਆ। ਸ੍ਰੀ ਮੋਦੀ ਨੂੰ ਸਾਲ 2014 ਵਿੱਚ 282 (ਸੰਸਦੀ) ਸੀਟਾਂ ਤੇ 2019 ਵਿੱਚ 303 ਸੀਟਾਂ ਅੱਜ ਹੀ ਸੰਭਵ ਹਨ।’ -ਪੀਟੀਆਈ
ਰਾਮ ਮੰਦਰ ਤਿੰਨ ਸਾਲਾਂ ’ਚ ਪੂਰਾ ਹੋਣ ਦੀ ਆਸ
ਇੰਦੌਰ, 5 ਅਗਸਤ: ਵਿਸ਼ਵ ਹਿੰਦੂ ਪਰਿਸ਼ਦ ਨੇ ਕਿਹਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਜਿਸ ਦਾ ਅੱਜ ਭੂਮੀ ਪੂਜਨ ਹੋਇਆ, ਦਾ ਨਿਰਮਾਣ ਅਗਲੇ ਤਿੰਨ ਸਾਲਾਂ ਵਿੱਚ ਪੂਰਾ ਹੋਣ ਦੀ ਆਸ ਹੈ। ਵਿਸ਼ਵ ਹਿੰਦੂ ਪਰਿਸ਼ਦ ਦੇ ਕੌਮਾਂਤਰੀ ਪ੍ਰਧਾਨ ਵਿਸ਼ਣੂ ਸਦਾਸ਼ਿਵ ਕੋਕਜੇ ਨੇ ਕਿਹਾ ਕਿ ਰਾਮ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਸਬੰਧੀ ਸਮਾਰੋਹ ਨੂੰ ਲੈ ਕੇ ਵਿਸ਼ਵ ਭਰ ਦੇ ਹਿੰਦੂਆਂ ਵਿੱਚ ਉਤਸ਼ਾਹ ਹੈ। ਉਨ੍ਹਾਂ ਰਾਮ ਮੰਦਰ ਨਿਰਮਾਣ ਵਿੱਚ ਦੇਰੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਸ੍ਰੀ ਕੋਕਜੇ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਬਣਾਉਣ ਤੋਂ ਬਾਅਦ ਜਿਸ ਵਧੀਆ ਤਰੀਕੇ ਨਾਲ ਕੇਂਦਰ ਸਰਕਾਰ ਵੱਲੋਂ ਰਾਮ ਮੰਦਰ ਨਿਰਮਾਣ ਦਾ ਕੰਮ ਚਲਾਇਆ ਜਾ ਰਿਹਾ ਹੈ, ਉਹ ਹੈਰਾਨੀਜਨਕ ਹੈ। ਸਾਨੂੰ ਆਸ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਕਾਰਜ ਤਿੰਨ ਸਾਲਾਂ ਵਿੱਚ ਪੂਰਾ ਹੋ ਜਾਵੇਗਾ।’’ -ਪੀਟੀਆਈ
ਭਗਵਾਨ ਰਾਮ ‘ਇਮਾਮ-ਏ-ਹਿੰਦ’ ਕਰਾਰ
ਅਯੁੱਧਿਆ: ਭਗਵਾਨ ਰਾਮ ਨੂੰ ‘ਇਮਾਮ-ਏ-ਹਿੰਦ’ ਕਰਾਰ ਦਿੰਦਿਆਂ ਕੁਝ ਮੁਸਲਿਮ ਭਗਤਾਂ ਨੇ ਭੂਮੀ ਪੂਜਨ ਦੇ ਪੂਰੇ ਸਮਾਗਮ ਦਾ ਆਪਣੇ ਟੀਵੀ ਸੈੱਟਾਂ ’ਤੇ ਸਿੱਧਾ ਪ੍ਰਸਾਰਣ ਦੇਖਿਆ। ਊਨ੍ਹਾਂ ਕਿਹਾ ਕਿ ਹੁਣ ਰਾਮ ਮੰਦਰ ਭਾਈਚਾਰਕ ਸਾਂਝ ਦਾ ਪ੍ਰਤੀਕ ਬਣੇਗਾ। ਕਰੋਨਾਵਾਇਰਸ ਕਰ ਕੇ ਜਾਰੀ ਨਿਰਦੇਸ਼ਾਂ ਕਾਰਨ ਊਹ ਰਾਮ ਜਨਮਭੂਮੀ ਵਾਲੀ ਥਾਂ ’ਤੇ ਨਹੀਂ ਜਾ ਸਕੇ। ਦੇਸ਼ ਦੀ ਸਾਂਝੀ ਤਹਿਜ਼ੀਬ ਦਾ ਜ਼ਿਕਰ ਕਰਦਿਆਂ ਊਨ੍ਹਾਂ ਕਿਹਾ ਕਿ ਕਰੋਨਾ ਦੇ ਹਾਲਾਤ ਸੁਧਰਨ ਮਗਰੋਂ ਊਹ ਮੰਦਰ ਵਾਲੀ ਥਾਂ ਦਾ ਦੌਰਾ ਕਰ ਕੇ ਊਸ ਦੀ ਊਸਾਰੀ ’ਚ ਆਪਣਾ ਯੋਗਦਾਨ ਪਾਊਣਗੇ। ਸੁੰਨੀ ਸੋਸ਼ਲ ਫੋਰਮ ਦੇ ਪ੍ਰਧਾਨ ਰਾਜਾ ਰਈਸ ਨੇ ਕਿਹਾ,‘‘ਇਹ ਸਾਡੇ ਲਈ ਖੁਸ਼ੀ ਦਾ ਪਲ ਹੈ। ਅਸੀਂ ਕਾਰਸੇਵਕ ਹਾਂ ਅਤੇ ਭਗਵਾਨ ਰਾਮ ਨੂੰ ‘ਇਮਾਮ-ਏ-ਹਿੰਦ ਮੰਨਦੇ ਹਾਂ।’’ ਊਸ ਨੇ ਕਿਹਾ ਕਿ ਮੁਸਲਮਾਨਾਂ ਨੇ ਵੀ ਖੁਸ਼ੀਆਂ ਮਨਾਈਆਂ ਹਨ। ਊਨ੍ਹਾਂ ਫੋਨ ’ਤੇ ਦੱਸਿਆ ਕਿ ਰਾਮ ਮੰਦਰ ਅੰਦੋਲਨ ਨੂੰ ਹਿੰਦੂ-ਮੁਸਲਿਮ ਮਸਲਾ ਕਰਾਰ ਦੇਣ ਵਾਲਿਆਂ ਲਈ ਭੂਮੀ ਪੂਜਨ ਊਨ੍ਹਾਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ। ਬਰੇਲੀ ਵਾਸੀ ਜ਼ਮੀਰ ਰਜ਼ਾ ਨੇ ਕਿਹਾ ਕਿ ਇਹ ਮੁਸਲਮਾਨਾਂ ਲਈ ਦੋਹਰੀ ਈਦ ਦਾ ਸਮਾਂ ਹੈ। -ਪੀਟੀਆਈ