ਰਾਮਪੁਰ (ਯੂਪੀ): ਇਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ 2016 ਵਿੱਚ ਡੂੰਗਰਪੁਰ ਖੇਤਰ ਵਿਚ ਜਬਰੀ ਇਕ ਘਰ ਨੂੰ ਢਾਹੁਣ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਆਜ਼ਮ ਖਾਨ ਸਮੇਤ ਚਾਰ ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਸੋਮਵਾਰ ਨੂੰ ਇਸ ਮਾਮਲੇ ਸਬੰਧੀ ਸਜ਼ਾ ਦਾ ਐਲਾਨ ਕਰੇਗੀ। ਸਰਕਾਰੀ ਵਕੀਲ ਰੋਹਤਾਸ਼ ਕੁਮਾਰ ਪਾਂਡੇ ਨੇ ਕਿਹਾ ਕਿ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ, ਸਾਬਕਾ ਨਗਰ ਪਾਲਿਕਾ ਚੇਅਰਮੈਨ ਅਜ਼ਹਰ ਅਹਿਮਦ ਅਤੇ ਸਾਬਕਾ ਸਰਕਲ ਅਧਿਕਾਰੀ ਅਲੀ ਹਸਨ ਅਤੇ ਬਰਕਤ ਅਲੀ ਨੂੰ ਦੋਸ਼ੀ ਠਹਿਰਾਇਆ ਹੈ। ਪਾਂਡੇ ਨੇ ਕਿਹਾ ਕਿ ਤਿੰਨ ਹੋਰ ਦੋਸ਼ੀਆਂ ਜਿਬਰਾਨ, ਫਰਮਾਨ ਅਤੇ ਓਮੇਂਦਰ ਚੌਹਾਨ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਅਧੀਨ 2016 ਵਿੱਚ ਇੱਕ ਘਰ ਨੂੰ ਜਬਰੀ ਢਾਹੁਣ ਲਈ 2019 ਵਿੱਚ ਕੁੱਲ ਸੱਤ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। 75 ਸਾਲਾ ਆਜ਼ਮ ਖਾਨ ਇਸ ਵੇਲੇ ਇੱਕ ਹੋਰ ਅਪਰਾਧਿਕ ਮਾਮਲੇ ਵਿੱਚ ਸੀਤਾਪੁਰ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। -ਪੀਟੀਆਈ