ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਕਤੂਬਰ
ਚਾਂਦਨੀ ਚੌਕ ਬਾਜ਼ਾਰ ਵਿੱਚ ਘੁੰਮਣ ਸਮੇਂ ਫਰਾਂਸ ਦੇ ਰਾਜਦੂਤ ਥਿਊਰੀ ਮਥੋਅ ਦਾ ਮੋਬਾਈਲ ਫੋਨ ਚੋਰੀ ਕਰਨ ਦੇ ਦੋਸ਼ ਹੇਠ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਪੁਲੀਸ ਦੱਸਿਆ ਕਿ ਰਾਜਦੂਤ ਅਤੇ ਉਨ੍ਹਾਂ ਦੀ ਪਤਨੀ 20 ਅਕਤੂਬਰ ਨੂੰ ਚਾਂਦਨੀ ਚੌਕ ਬਾਜ਼ਾਰ ਵਿੱਚ ਘੁੰਮਣ ਗਏ ਸਨ, ਉਦੋਂ ਹੀ ਉਨ੍ਹਾਂ ਦੀ ਜੇਬ ਵਿੱਚੋਂ ਮੋਬਾਈਲ ਫੋਨ ਚੋਰੀ ਹੋ ਗਿਆ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੂਤਾਵਾਸ ਦਫ਼ਤਰ ਤੋਂ 21 ਅਕਤੂਬਰ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਸੀ। ਸੀਸੀਟੀਵੀ ਫੁਟੇਜ਼ ਖੰਗਾਲਣ ਮਗਰੋਂ ਪੁਲੀਸ ਕਰਮਚਾਰੀਆਂ ਦੀ ਇੱਕ ਟੀਮ ਬਣਾਈ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਉਮਰ 20 ਤੋਂ 24 ਸਾਲ ਦੇ ਵਿਚਕਾਰ ਹੈ। ਉਨ੍ਹਾਂ ਕੋਲੋਂ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।