ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਅਕਤੂਬਰ
ਪੰਜਾਬ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਵੱਖ-ਵੱਖ ਵਰਗਾਂ ਵਿੱਚ ਚਾਰ ਪ੍ਰਮੁੱਖ ਪੁਰਸਕਾਰ ਹਾਸਲ ਕੀਤੇ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਨੇ ਬਾਇਓਡੀਗਰੇਡੇਬਲ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਚਲਾਈ ਕੰਧ ਚਿੱਤਰਕਾਰੀ ਜਾਗਰੂਕਤਾ ਮੁਹਿੰਮ ਵਿੱਚ ਉੱਤਰੀ ਜ਼ੋਨ ਦੇ ਭਾਰਤੀ ਰਾਜਾਂ ’ਚੋਂ ਪਹਿਲਾ ਸਥਾਨ ਜਦਕਿ ਸਵੱਛ ਸਰਵੇਖਣ ਗ੍ਰਾਮੀਣ-2021-22 ਦੇ ਆਧਾਰ ’ਤੇ ਖੁੱਲ੍ਹੇ ਵਿੱਚ ਸ਼ੌਚ ਮੁਕਤ ਲਈ ਕੀਤੇ ਉਪਾਵਾਂ ਤੇ ਓਡੀਐੱਫ ਪਲੱਸ ਕੰਪੋਨੈਂਟਸ ਲਈ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਪਲਾਸਟਿਕ ਦੀ ਰਹਿੰਦ-ਖੂੰਹਦ ਤੇ ਗਰੇਅ ਵਾਟਰ ਪ੍ਰਬੰਧਨ ਦੇ ਵਰਗਾਂ ’ਚ ਪੰਜਾਬ ਨੇ ਤੀਜਾ ਸਥਾਨ (ਦੋ ਪੁਰਸਕਾਰ) ਹਾਸਲ ਕੀਤਾ ਹੈ।
ਇੱਥੇ ਵਿਗਿਆਨ ਭਵਨ ਵਿੱਚ ਸਮਾਗਮ ਦੌਰਾਨ ਕੇਂਦਰੀ ਜਲ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕੋਲੋਂ ਇਹ ਪੁਰਸਕਾਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੁਖੀ ਵਿਪੁਲ ਉਜਵਲ ਅਤੇ ਚੀਫ਼ ਇੰਜਨੀਅਰ ਰਾਜੇਸ਼ ਖੋਸਲਾ ਨੇ ਪ੍ਰਾਪਤ ਕੀਤੇ। ਇਸ ਦੌਰਾਨ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਬਾਰੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਤੇ ਜਲ ਜੀਵਨ ਮਿਸ਼ਤ ਤਹਿਤ ਸੂਬੇ ਨੂੰ ਮਿਲੇ ਪੁਰਸਕਾਰਾਂ ਸਬੰਧੀ ਕਿਹਾ ਕਿ ਇਨ੍ਹਾਂ ਖੇਤਰਾਂ ’ਚ ਸਰਕਾਰ ਵੱਡੀ ਪੱਧਰ ’ਤੇ ਵਿਕਾਸ ਕਾਰਜ ਜਾਰੀ ਰੱਖੇਗੀ। ਜ਼ਿਕਰਯੋਗ ਹੈ ਕਿ ਭਾਰਤ ਦੇ ਕੁੱਲ 735 ਜ਼ਿਲ੍ਹਿਆਂ ’ਚੋਂ ਜਲ ਜੀਵਨ ਮਿਸ਼ਨ ਤਹਿਤ ਵਧੀਆ ਕਾਰਗੁਜ਼ਾਰੀ ਲਈ 33 ਜ਼ਿਲ੍ਹਿਆਂ ਵਿੱਚ ਪੰਜਾਬ ਦੇ 15 ਜ਼ਿਲ੍ਹੇ ਸ਼ੁਮਾਰ ਹਨ। ਇਨ੍ਹਾਂ ’ਚ ਜ਼ਿਲ੍ਹਾ ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਲੇਰਕੋਟਲਾ, ਮਾਨਸਾ, ਮੁਕਤਸਰ ਸਾਹਿਬ, ਪਠਾਨਕੋਟ, ਐੱਸਏਐੱਸ ਨਗਰ, ਲੁਧਿਆਣਾ, ਪਟਿਆਲਾ ਅਤੇ ਐੱਸਬੀਐੱਸ ਨਗਰ ਨੂੰ ‘ਹਰ ਘਰ ਜਲ ਸਰਟੀਫਿਕੇਟ’ ਨਾਲ ਸਨਮਾਨਿਆ ਗਿਆ।