ਪਾਲਘਰ, 28 ਨਵੰਬਰ
ਚਾਰ ਮਛੇਰੇ, ਜੋ ਕਿਸ਼ਤੀ ਇੰਜਣ ਖਰਾਬ ਹੋਣ ਕਾਰਨ ਅਤੇ ਖਰਾਬ ਮੌਸਮ ਕਰਕੇ ਸਮੁੰਦਰ ’ਚ ਫਸ ਗਏ ਸਨ, ਨੂੰ ਅੱਜ 50 ਘੰਟਿਆਂ ਬਾਅਦ ਪਾਲਘਰ ਤੱਟ ਤੋਂ ਬਚਾਅ ਲਿਆ ਗਿਆ। ਪਾਲਘਰ ਦੇ ਐੱਸਪੀ ਦੱਤਾਤ੍ਰੇਆ ਸ਼ਿੰਦੇ ਨੇ ਦੱਸਿਆ ਮੱਛੀਆਂ ਫੜਨ ਵਾਲੀ ਕਿਸ਼ਤੀ ‘ਅਗਨੀਮਾਤਾ’, ਜਿਸ ਵਿੱਚ ਚਾਰ ਜਣੇ ਸਵਾਰ ਸਨ, ਵੀਰਵਾਰ ਸਵੇਰੇ 6 ਵਜੇ ਰਵਾਨਾ ਹੋਈ ਅਤੇ ਉਸ ਨੇ ਸ਼ਾਮ 6 ਵਜੇ ਵਾਪਸ ਪਰਤਣਾ ਸੀ, ਪਰ ਉਹ ਵਾਪਸ ਨਾ ਆਈ। ਕਿਸ਼ਤੀ ’ਚ ਸਵਾਰਾਂ ਦੇ ਵਾਰਿਸਾਂ ਵੱਲੋਂ ਸ਼ਿਕਾਇਤ ਕਰਨ ਮਗਰੋਂ ਤਲਾਸ਼ ਸ਼ੁਰੂ ਕੀਤੀ ਗਈ ਪਰ ਉਨ੍ਹਾਂ ਦਾ ਕੋਈ ਪਤਾ ਨਾ ਲੱਗਾ। ਐੱਸਪੀ ਮੁਤਾਬਕ, ‘ਇਸ ਮਗਰੋਂ ਅਸੀਂ ਮਹਾਰਾਸ਼ਟਰ ਮੈਰੀਟਾਈਮ ਬੋਰਡ, ਕੋਸਟ ਗਾਰਡ, ਜਲ ਸੈਨਾ ਤੇ ਮੁੰਬਈ ਪੁਲੀਸ ਆਦਿ ਤੋਂ ਇਲਾਵਾ ਗੁਜਰਾਤ ’ਚ ਏਜੰਸੀਆਂ ਨਾਲ ਸੰਪਰਕ ਕੀਤਾ। ਸ਼ਨਿਚਵਾਰ ਸਵੇਰੇ 6 ਵਜੇ ਦੁਬਾਰਾ ਤਲਾਸ਼ ਸ਼ੁਰੂ ਕੀਤੀ ਗਈ ਅਤੇ ਸਵੇਰੇ 10 ਵਜੇ ‘ਅਗਨੀਮਾਤਾ’ ਕਿਸ਼ਤੀ ਬਾਰੇ ਪਤਾ ਲੱਗਿਆ।’ ਇਸ ਮਗਰੋਂ ਚਾਰੇ ਮਛੇਰਿਆਂ ਨੂੰ ਬਚਾਅ ਲਿਆ ਗਿਆ। ਉਨ੍ਹਾਂ ਦੀ ਹਾਲਤ ਠੀਕ ਹੈ। -ਪੀਟੀਆਈ