ਸ੍ਰੀਨਗਰ, 20 ਜੂਨ
ਐੱਨਆਈਏ ਨੇ ਅੱਜ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੱਤ ਥਾਵਾਂ ਦੀ ਤਲਾਸ਼ੀ ਲਈ ਅਤੇ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਆਈਏ ਨੇ ਦੱਸਿਆ ਕਿ ਇਹ ਮਾਮਲਾ ਦੱਖਣੀ ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੀਆਂ ਗਤੀਵਿਧੀਆਂ ਨਾਲ ਸਬੰਧਿਤ ਹੈ, ਜਦੋਂ ਬੀਤੀ 11 ਮਾਰਚ ਨੂੰ ਪੁਲਵਾਮਾ ਦੇ ਚੇਵਾ ਕਲਾਂ ਵਿੱਚ ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਸਣੇ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ ਸੀ। ਇਸ ਸਬੰਧੀ ਪੁਲਵਾਮਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਅੱਠ ਅਪਰੈਲ ਨੂੰ ਇਹ ਮਾਮਲਾ ਐੱਨਆਈਏ ਨੂੰ ਸੌਂਪਿਆ ਗਿਆ ਸੀ। ਐੱਨਆਈਏ ਨੇ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਸਾਹਿਲ ਅਹਿਮਦ ਖਾਨ, ਜਹਾਂਗੀਰ ਅਹਿਮਦ ਦਾਰ, ਸ਼ਾਹਿਦ ਅਹਿਮਦ ਸ਼ੇਰਗੋਜਰੀ ਅਤੇ ਇਨਾਇਤ ਗੁਲਜ਼ਾਰ ਭੱਟ ਵਜੋਂ ਹੋਈ ਹੈ। ਇਹ ਸਾਰੇ ਪੁਲਵਾਮਾ ਦੇ ਵਸਨੀਕ ਹਨ। ਐੱਨਆਈਏ ਨੇ ਕਿਹਾ ਕਿ ਇਨ੍ਹਾਂ ਤੋਂ ਭਾਰੀ ਮਾਤਰਾ ਵਿੱਚ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਹੋਈ ਹੈ। -ਪੀਟੀਆਈ