ਸ੍ਰੀਨਗਰ: ਜੰਮੂ ਕਸ਼ਮੀਰ ’ਚ ਅੱਜ ਦੋ ਮੁਕਾਬਲਿਆਂ ’ਚ ਸੁਰੱਖਿਆ ਬਲਾਂ ਨੇ ਚਾਰ ਅਤਿਵਾਦੀ ਨੂੰ ਮਾਰ ਮੁਕਾਇਆ। ਕਸ਼ਮੀਰ ਪੁਲੀਸ ਦੇ ਏਡੀਜੀਪੀ ਵਿਜੈ ਕੁਮਾਰ ਨੇ ਅੱਜ ਦੱਸਿਆ ਕਿ ਅਵਾਂਤੀਪੁਰਾ ਵਿੱਚ ਹੋਏ ਮੁਕਾਬਲੇ ਤਿੰਨ ਅਤਿਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਮਰਨ ਵਾਲੇ ਅਤਿਵਾਦੀਆਂ ਵਿੱਚ ਲਸ਼ਕਰ-ਏ-ਤਇਬਾ ਦਾ ਕਮਾਂਡਰ ਮੁਖਤਾਰ ਭੱਟ ਵੀ ਸ਼ਾਮਲ ਹੈ। ਉਹ ਵਿਦੇਸ਼ੀ ਅਤਿਵਾਦੀਆਂ ਨਾਲ ਮਿਲ ਕੇ ਸੁਰੱਖਿਆ ਬਲਾਂ ਦੇ ਕੈਂਪ ’ਤੇ ਫਿਦਈਨ ਹਮਲਾ ਕਰਨਾ ਜਾ ਰਿਹਾ ਸੀ। ਮ੍ਰਿਤਕਾਂ ਕੋਲੋਂ ਇਕ ਏਕੇ-74 ਰਾਈਫਲ, ਇਕ ਏਕੇ-56 ਰਾਈਫਲ ਅਤੇ ਇਕ ਪਿਸਤੌਲ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਅਵਾਂਤੀਪੁਰਾ ਪੁਲੀਸ ਤੇ ਫ਼ੌਜ ਨੇ ਮਿਲ ਕੇ ਇਕ ਵੱਡੇ ਦਹਿਸ਼ਤੀ ਹਮਲੇ ਨੂੰ ਰੋਕਿਆ ਹੈ। ਇਹ ਅਤਿਵਾਦੀ ਸੀਆਰਪੀਐੱਫ ਦੇ ਇਕ ਏਐੱਸਆਈ ਅਤੇ ਆਰਪੀਐੱਫ ਦੇ ਦੋ ਮੁਲਾਜ਼ਮਾਂ ਦੀਆਂ ਹੱਤਿਆਵਾਂ ਸਣੇ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਸਨ। ਇਸੇ ਦੌਰਾਨ ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਬਿਜਬਹੇੜਾ ਇਲਾਕੇ ’ਚ ਚੱਲ ਰਹੇ ਇਕ ਮੁਕਾਬਲੇ ’ਚ ਇਕ ਅਤਿਵਾਦੀ ਹਲਾਕ ਹੋ ਗਿਆ। -ਪੀਟੀਆਈ