ਮੁੰਬਈ: ਨਵੀਂ ਮੁੰਬਈ ਪੁਲੀਸ ਨੇ ਅਦਾਕਾਰ ਸਲਮਾਨ ਖਾਨ ’ਤੇ ਹਮਲੇ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਲਾਰੈਂਸ ਬਿਸ਼ਨੋਈ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਇਹ ਗ੍ਰਿਫ਼ਤਾਰੀ ਹਾਲ ਹੀ ’ਚ ਬਾਂਦਰਾ ਸਥਿਤ ਸਲਮਾਨ ਦੇ ਘਰ ’ਤੇ ਹਮਲੇ ਦੇ ਸਬੰਧ ਵਿੱਚ ਹੋਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਨਵੇਲ ਖੇਤਰ ਸਥਿਤ ਅਦਾਕਾਰ ਦੇ ਫਾਰਮਹਾਊਸ ’ਚ ਉਸ ’ਤੇ ਹਮਲੇ ਦੀ ਸਾਸ਼ਿਸ਼ ਘੜੀ ਗਈ ਹੈ, ਜਿਸ ਦੇ ਸਬੰਧ ’ਚ ਪੁਲੀਸ ਨੇ ਪਿਛਲੇ ਮਹੀਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਪੁਲੀਸ ਅਨੁਸਾਰ ਇਹ ਚਾਰੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਸਨ। ਇਨ੍ਹਾਂ ਨੇ ਫਾਰਮਹਾਊਸ ਅਤੇ ਉਨ੍ਹਾਂ ਥਾਵਾਂ ਦੀ ਰੇਕੀ ਵੀ ਕੀਤੀ ਸੀ ਜਿੱਥੇ ਸਲਮਾਨ ਖਾਨ ਕੰਮ ਕਰਦੇ ਹਨ। ਨਵੀ ਮੁੰਬਈ ਪੁਲੀਸ ਨੇ ਐਫਆਈਆਰ ਵਿੱਚ ਲਾਰੈਂਸ ਬਿਸ਼ਨੋਈ ਤੇ ਅਨਮੋਲ ਬਿਸ਼ਨੋਈ ਸਣੇ 17 ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਅਨੁਸਾਰ ਅੱਜ ਗ੍ਰਿਫ਼ਤਾਰ ਕੀਤੇ ਚਾਰੋਂ ਮੁਲਜ਼ਮਾਂ ਦੀ ਪਛਾਣ ਧੰਨਜੈ ਤਾਪੇਸਿੰਘ ਉਰਫ਼ ਅਜੇ ਕਸ਼ਯਪ, ਗੌਰਵ ਭਾਟੀਆ, ਵਸਪੀ ਖਾਨ ਉਰਫ਼ ਵਸੀਮ ਚਿਕਨਾ ਅਤੇ ਰਿਜ਼ਵਾਨ ਖਾਨ ਉਰਫ਼ ਜਾਵੇਦ ਖਾਨ ਵਜੋਂ ਹੋਈ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਲਾਰੈਂਸ ਬਿਸ਼ਨੋਈ ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ, ਜਦੋਂ ਕਿ ਅਨਮੋਲ ਬਿਸ਼ਨੋਈ ਬਾਰੇ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਅਮਰੀਕਾ ਜਾਂ ਕੈਨੇਡਾ ਵਿੱਚ ਹੈ। ਜ਼ਿਕਰਯੋਗ ਹੈ ਕਿ 14 ਅਪਰੈਲ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਮੁੰਬਈ ਦੇ ਬਾਂਦਰਾ ਵਿੱਚ ਗਲੈਕਸੀ ਅਪਾਰਟਮੈਂਟ ਸਥਿਤ ਸਲਮਾਨ ਖਾਨ ਦੇ ਘਰ ’ਤੇ ਕਈ ਫਾਇਰ ਕੀਤੇ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਹਮਲਾਵਰਾਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ