ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਫੋਨ ਨੰਬਰ ’ਤੇ ਚਾਰ ਜਣਿਆਂ ਦੇ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲੱਗਣ ਬਾਰੇ ਮੈਸੇਜ ਆਏ ਹਨ। ਅਬਦੁੱਲਾ ਨੇ ਟਵਿੱਟਰ ’ਤੇ ਸੰਦੇਸ਼ ਦਾ ਸਕਰੀਨਸ਼ਾਟ ਸਾਂਝਾ ਕਰਦਿਆਂ ਕੋਵਿਡ ਲਾਭਪਾਤਰੀਆਂ ਨੂੰ ਵਧਾਈ ਦਿੱਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਵੈਕਸੀਨ ਸਰਟੀਫਿਕੇਟ ਲਈ ਉਨ੍ਹਾਂ ਦਾ ਮੋਬਾਈਲ ਨੰਬਰ ਕਿਉਂ ਦਿੱਤਾ ਗਿਆ। ਉਨ੍ਹਾਂ ਟਵੀਟ ਕੀਤਾ, ‘ਪਿਆਰੇ ਅਸ਼ੀਨਾ, ਕਰੀਮ, ਪ੍ਰਸ਼ਾਂਤ ਅਤੇ ਅਮੀਨਾ! ਤੁਹਾਨੂੰ ਤੁਹਾਡੀ ਪਹਿਲੀ ਕੋਵਿਡ ਵੈਕਸੀਨ ਦੀਆਂ ਵਧਾਈਆਂ। ਹਾਲਾਂਕਿ, ਮੈਨੂੰ ਨਹੀਂ ਪਤਾ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਆਪਣੇ ਸਰਟੀਫਿਕੇਟਾਂ ਲਈ ਮੇਰਾ ਮੋਬਾਈਲ ਨੰਬਰ ਕਿਉਂ ਦਿੱਤਾ। ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਤੁਹਾਡੇ ਇਨ੍ਹਾਂ ਵੈਕਸੀਨ ਸਰਟੀਫਿਕੇਟਾਂ ਦਾ ਕੀ ਕਰਾਂ। ਸ਼ੁਭਕਾਮਨਾਵਾਂ, ਉਮਰ…।’’ ਇਸ ਟਵੀਟ ਨੇ ਸੋਸ਼ਲ ਮੀਡੀਆ ’ਤੇ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਨ੍ਹਾਂ ਨੇ ਆਪਣੇ ਕਈ ਅਜਿਹੇ ਤਜਰਬੇ ਸਾਂਝੇ ਕੀਤੇ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਨੇ ਅਜੇ ਤੱਕ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। -ਆਈਏਐੱਨਐੱਸ