ਸ੍ਰੀਨਗਰ, 27 ਮਈ
ਜੰਮੂ ਕਸ਼ਮੀਰ ਦੇ ਸ੍ਰੀਨਗਰ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ’ਚ ਲਸ਼ਕਰ-ਏ-ਤਇਬਾ ਦੇ ਚਾਰ ਅਤਿਵਾਦੀ ਮਾਰੇ ਗਏ। ਇਨ੍ਹਾਂ ’ਚੋਂ ਦੋ ਅਤਿਵਾਦੀ ਬੀਤੇ ਦਿਨੀਂ ਟੀਵੀ ਅਦਾਕਾਰਾ ਅਮਰੀਨ ਭੱਟ ਦੀ ਹੱਤਿਆ ਦੀ ਘਟਨਾ ਵਿੱਚ ਸ਼ਾਮਲ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਹਿਲਾ ਮੁਕਾਬਲਾ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ ਵਿੱਚ ਹੋਇਆ। ਇਸ ਵਿੱਚ ਮਾਰੇ ਗਏ ਦੋ ਅਤਿਵਾਦੀ ਬਡਗਾਮ ਵਿੱਚ ਟੀਵੀ ਅਦਾਕਾਰਾ ਅਮਰੀਨ ਭੱਟ ਦੀ ਹੱਤਿਆ ਕਰਨ ਵਿੱਚ ਸ਼ਾਮਲ ਸਨ। ਇਸ ਬਾਰੇ ਕਸ਼ਮੀਰ ਜ਼ੋਨ ਦੇ ਆਈਜੀਪੀ ਵਿਜੈ ਕੁਮਾਰ ਨੇ ਟਵੀਟ ਕੀਤਾ, ‘‘ਮਾਰੇ ਗਏ ਦੋਹਾਂ ਅਤਿਵਾਦੀਆਂ ਦੀ ਪਛਾਣ ਸ਼ਾਹਿਦ ਮੁਸ਼ਤਾਕ ਭੱਟ ਵਾਸੀ ਬਡਗਾਮ ਅਤੇ ਫਰਹਾਨ ਹਬੀਬ ਵਾਸੀ ਪੁਲਵਾਮਾ ਵਜੋਂ ਹੋਈ ਹੈ। ਇਨ੍ਹਾਂ ਨੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਲਤੀਫ ਦੇ ਹੁਕਮਾਂ ’ਤੇ ਟੀਵੀ ਅਦਾਕਾਰਾ ਦੀ ਹੱਤਿਆ ਕੀਤੀ ਸੀ। ਇਨ੍ਹਾਂ ਕੋਲੋਂ ਇੱਕ ਏਕੇ 56 ਰਾਈਫਲ, ਇੱਕ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਹੋਏ ਹਨ।’’
ਦੂਜਾ ਮੁਕਾਬਲਾ ਸ੍ਰੀਨਗਰ ਸ਼ਹਿਰ ਦੇ ਸੌਰਾ ਇਲਾਕੇ ਵਿੱਚ ਹੋਇਆ। ਇੱਥੇ ਵੀ ਦੋ ਅਤਿਵਾਦੀ ਮਾਰੇ ਗਏ। ਇੱਕ ਹੋਰ ਟਵੀਟ ਵਿੱਚ ਕੁਮਾਰ ਨੇ ਕਿਹਾ, ‘‘ਕਸ਼ਮੀਰ ਘਾਟੀ ਵਿੱਚ ਬੀਤੇ ਤਿੰਨ ਦਿਨਾਂ ਵਿੱਚ 10 ਅਤਿਵਾਦੀ ਮਾਰੇ ਗਏ ਹਨ। ਇਨ੍ਹਾਂ ’ਚੋਂ ਸੱਤ ਲਸ਼ਕਰ ਅਤੇ ਤਿੰਨ ਜੈਸ਼-ਏ-ਮੁਹੰਮਦ ਨਾਲ ਸਬੰਧਤ ਹਨ। ਅਮਰੀਨ ਭੱਟ ਦੀ ਹੱਤਿਆ ਦਾ ਮਾਮਲਾ 24 ਘੰਟਿਆਂ ਵਿੱਚ ਸੁਲਝਾ ਲਿਆ ਗਿਆ ਹੈ।’’ -ਪੀਟੀਆਈ