ਨਵੀਂ ਦਿੱਲੀ, 15 ਜੁਲਾਈ
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਕਿਹਾ ਹੈ ਕਿ ਇੰਜਨੀਅਰਿੰਗ ਦਾਖ਼ਲਾ ਪ੍ਰੀਖਿਆ ਜੇਈਈ (ਮੇਨ) ਦਾ ਚੌਥਾ ਐਡੀਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆ ਹੁਣ 26 ਅਗਸਤ ਤੋਂ 2 ਸਤੰਬਰ ਵਿਚਾਲੇ ਹੋਵੇਗੀ। ਅਹਿਮ ਪ੍ਰੀਖਿਆ ਦੇ ਦੋ ਸੈਸ਼ਨਾਂ ਵਿਚ ਉਮੀਦਵਾਰਾਂ ਨੂੰ ਚਾਰ ਹਫ਼ਤੇ ਦਾ ਸਮਾਂ ਦੇਣ ਲਈ ਇਹ ਫ਼ੈਸਲਾ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਸਾਂਝੀ ਦਾਖ਼ਲਾ ਪ੍ਰੀਖਿਆ-ਮੇਨ ਦਾ ਚੌਥਾ ਐਡੀਸ਼ਨ 27 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਹੋਣਾ ਤੈਅ ਸੀ। ਕੁੱਲ 7.32 ਲੱਖ ਉਮੀਦਵਾਰ ਇਸ ਦਾਖ਼ਲਾ ਪ੍ਰੀਖਿਆ ਦੇ ਚੌਥੇ ਐਡੀਸ਼ਨ ਲਈ ਰਜਿਸਟਰੇਸ਼ਨ ਵੀ ਕਰ ਚੁੱਕੇ ਹਨ। ਸ੍ਰੀ ਪ੍ਰਧਾਨ ਨੇ ਕਿਹਾ ਕਿ ਜੇਈਈ (ਮੇਨ) 2021 ਦਾ ਚੌਥਾ ਸੈਸ਼ਨ ਹੁਣ 26, 27 ਤੇ 31 ਅਗਸਤ ਅਤੇ 1 ਤੇ 2 ਸਤੰਬਰ ਨੂੰ ਹੋਵੇਗਾ। ਇਸ ਲਈ ਰਜਿਸਟਰੇਸ਼ਨ ਦੀ ਤਰੀਕ 20 ਜੁਲਾਈ ਤੱਕ ਵਧਾ ਦਿੱਤੀ ਗਈ ਹੈ। -ਪੀਟੀਆਈ