ਨਵੀਂ ਦਿੱਲੀ, 12 ਜੁਲਾਈ
ਭਾਰਤੀ ਡਰੱਗਜ਼ ਕੰਟਰੋਲਰ ਜਨਰਲ (ਡੀਸੀਜੀਆਈ) ਨੇ ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਵੱਲੋਂ ਸਰਵੀਕਲ ਕੈਂਸਰ ਦੇ ਇਲਾਜ ਲਈ ਦੇਸ਼ ਵਿੱਚ ਹੀ ਨਿਰਮਤ ਪਹਿਲੀ ਕੁਆਡਰੀਵੈਲੇਂਟ ਹਿਊਮਨ ਪੈਪੀਲੋਮਾਵਾਇਰਸ ਵੈਕਸੀਨ (qHPV) ਨੂੰ ਬਾਜ਼ਾਰ ਵਿੱਚ ਵੇਚਣ ਦੀ ਖੁੱਲ੍ਹ ਦੇ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਭਾਰਤੀ ਡਰੱਗ ਰੈਗੂਲੇਟਰ ਨੇ ਸੀਡੀਐੱਸਸੀਓ ਦੀ ਕੋਵਿਡ-19 ਬਾਰੇ ਵਿਸ਼ਾ ਮਾਹਿਰ ਕਮੇਟੀ (ਐੱਸਈਸੀ) ਦੀਆਂ ਸਿਫ਼ਾਰਸ਼ਾਂ ’ਤੇ 15 ਜੂਨ ਨੂੰ ਲੋੜੀਂਦੀ ਪ੍ਰਵਾਨਗੀ ਦਿੱਤੀ ਸੀ। ਸੀਰਮ ਇੰਸਟੀਚਿਊਟ ਵਿੱਚ ਡਾਇਰੈਕਟਰ (ਸਰਕਾਰ ਤੇ ਰੈਗੂਲੇਟਰੀ ਮਾਮਲੇ) ਪ੍ਰਕਾਸ਼ ਕੁਮਾਰ ਸਿੰਘ ਨੇ ਬਾਇਓਟੈਕਨਾਲੋਜੀ ਵਿਭਾਗ ਦੇ ਹਮਾਇਤ ਨਾਲ ਮੁਕੰਮਲ ਕੀਤੇ ਦੂਜੇ ਤੇ ਤੀਜੇ ਗੇੜ ਦੇ ਕਲੀਨਿਕਲ ਟਰਾਇਲਾਂ ਮਗਰੋਂ qHPV ਨੂੰ ਬਾਜ਼ਾਰ ਵਿੱਚ ਵੇਚਣ ਲਈ ਡੀਸੀਜੀਆਈ ਤੋਂ ਲੋੜੀਂਦੀ ਪ੍ਰਵਾਨਗੀ ਮੰਗੀ ਸੀ। ਸਰਕਾਰ ਦੀ ਸਲਾਹਕਾਰ ਕਮੇਟੀ ਐੱਨਟੀਏਜੀਆਈ ਨੇ ਵੀ ਹਾਲ ਹੀ ਵਿੱਚ ਵੈਕਸੀਨ ਦੇ ਕਲੀਨਿਕਲ ਟਰਾਇਲ ਡੇਟਾ ਦੀ ਸਮੀਖਿਆ ਮਗਰੋਂ qHPV ਨੂੰ ਹਰੀ ਝੰਡੀ ਦਿੱਤੀ ਸੀ। ਭਾਰਤੀ ਡਰੱਗ ਰੈਗੂਲੇਟਰ ਨੂੰ ਦਿੱਤੀ ਅਰਜ਼ੀ ਵਿੱਚ ਸਿੰਘ ਨੇ ਦਾਅਵਾ ਕੀਤਾ ਸੀ ਕਿ qHPV ਵੈਕਸੀਨ ਸਰਵਾਵੈਕ ਦਾ ਸਾਰੀਆਂ ਖੁਰਾਕਾਂ ਤੇ ਸਾਰੇ ਉਮਰ ਵਰਗਾਂ ਵਿੱਚ ਮਜ਼ਬੂਤ ਐਂਟੀਬਾਡੀ ਰਿਸਪੌਂਸ ਵੇਖਣ ਨੂੰ ਮਿਲਿਆ ਹੈ, ਜੋ ਕਿ ਐੱਚਪੀਵੀ ਦੇ ਸਾਰੇ ਸਰੂਪਾਂ ’ਤੇ 1000 ਗੁਣਾ ਵਧ ਅਸਰਦਾਰ ਹੈ। ਸਿੰਘ ਨੇ ਅਰਜ਼ੀ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਹਰੇਕ ਸਾਲ ਲੱਖਾਂ ਮਹਿਲਾਵਾਂ ਵਿੱਚ ਕੈਂਸਰ ਦੇ ਹੋਰਨਾਂ ਸਰੂਪਾਂ ਤੋਂ ਇਲਾਵਾ ਸਰਵੀਕਲ ਕੈਂਸਰ ਦੀ ਪਛਾਣ ਹੁੰਦੀ ਹੈ ਤੇ ਇਸ ਵਿੱਚ ਮੌਤ ਦੀ ਦਰ ਵੀ ਸਭ ਤੋਂ ਵੱਧ ਹੈ। -ਪੀਟੀਆਈ