ਭੀਮਾਵਰਮ, 4 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਦਾ ਇਤਿਹਾਸ ਕੁਝ ਸਾਲਾਂ ਜਾਂ ਕੁਝ ਲੋਕਾਂ ਤੱਕ ਸੀਮਤ ਨਹੀਂ ਬਲਕਿ ਇਹ ਦੇਸ਼ ਦੇ ਹਰ ਕੋਨੇ ਤੋਂ ਦਿੱਤੇ ਗਏ ਬਲਿਦਾਨ ਦਾ ਇਤਿਹਾਸ ਹੈ। ਸ੍ਰੀ ਮੋਦੀ ਨੇ ਇੱਥੇ ਅਲੂਰੀ ਸੀਤਾਰਾਮ ਰਾਜੂ ਦੀ 125ਵੀਂ ਜਨਮ ਸ਼ਤਾਬਦੀ ਮੌਕੇ ਉਨ੍ਹਾਂ ਦੇ 30 ਫੁੱਟ ਲੰਮੇ ਕਾਂਸੀ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਮਗਰੋਂ ਇੱਕ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ ਵਚਨਬੱਧਤਾ ਨਾਲ ਕੰਮ ਕੀਤਾ ਤੇ ਆਜ਼ਾਦੀ ਘੁਲਾਟੀਆਂ ਦੇ ਸੁਫਨਿਆਂ ਨੂੰ ਪੂਰਾ ਕਰਨ ਵਾਲੀਆਂ ਨੀਤੀਆਂ ਲਾਗੂ ਕੀਤੀਆਂ। ਪ੍ਰਧਾਨ ਮੰਤਰੀ ਨੇ ਕਿਹਾ,‘ਇਸ ਸਮੇਂ ਅਸੀਂ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਮਨਾ ਰਹੇ ਹਾਂ, ਇਸ ਲਈ ਹਰ ਨਾਗਰਿਕ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਜ਼ਾਦੀ ਘੁਲਾਟੀਆਂ ਦੇ ਸੁਫਨੇ ਪੂਰੇ ਕਰੇ। ਸਾਡਾ ਨਵਾਂ ਭਾਰਤ, ਉਨ੍ਹਾਂ ਦੇ ਸੁਫਨਿਆਂ ਦਾ ਭਾਰਤ ਹੋਣਾ ਚਾਹੀਦਾ ਹੈ। ਅਜਿਹਾ ਭਾਰਤ, ਜਿੱਥੇ ਗ਼ਰੀਬ, ਕਿਸਾਨ, ਕਿਰਤੀ, ਪਿਛੜੇ ਵਰਗ, ਆਦਿਵਾਸੀ ਤੇ ਦੱਬੇ-ਕੁਚਲੇ ਵਰਗਾਂ ਕੋਲ ਬਰਾਬਰ ਦੇ ਮੌਕੇ ਹੋਣ।’ ਉਨ੍ਹਾਂ ਬਸਤੀਵਾਦੀ ਰਾਜ ਤੋਂ ਮੁਲਕ ਨੂੰ ਮੁਕਤ ਕਰਵਾਉਣ ਵਾਲੇ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸ੍ਰੀ ਮੋਦੀ ਨੇ ਕਿਹਾ ਕਿ ਅਲੂਰੀ ਨੇ ਬ੍ਰਿਟਿਸ਼ ਸ਼ਾਸਕਾਂ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਉਨ੍ਹਾਂ ਨੂੰ ਰੋਕ ਕੇ ਦਿਖਾਉਣ। ਉਨ੍ਹਾਂ ਕਿਹਾ ਕਿ ਮੁਲਕ ਦੇ ਲੋਕ ਇਸ ਸਮੇਂ ਕਈ ਚੁਣੌਤੀਆਂ ਤੇ ਮੁਸ਼ਕਲ ਹਾਲਤਾਂ ਦਾ ਸਾਹਮਣਾ ਕਰਦਿਆਂ ਅਜਿਹੇ ਹੀ ਨਾਅਰੇ ‘ਦਮ ਹੈ ਤੋ ਹਮੇਂ ਰੋਕ ਲੋ’ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਅਲੂਰੀ ਸੀਤਾਰਾਮ ਰਾਜੂ ਤੋਂ ਮਿਲੀ ਪ੍ਰੇਰਣਾ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵੇਗੀ।
ਕਬਾਇਲੀ ਵਿਕਾਸ ਬਾਰੇ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁਲਕ ਵਿੱਚ ਕਬਾਇਲੀ ਮਿਊਜ਼ੀਅਮ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਸਕਿੱਲ ਇੰਡੀਆ ਮਿਸ਼ਨ’ ਜਿਹੇ ਪ੍ਰੋਗਰਾਮਾਂ ਤੋਂ ਕਬਾਇਲੀ ਕਲਾ ਨੂੰ ਨਵੀਂ ਪਛਾਣ ਮਿਲ ਰਹੀ ਹੈ ਤੇ ‘ਵੋਕਲ ਫਾਰ ਲੋਕਲ’ ਮੁਹਿੰਮ ਫ਼ਿਰਕੇ ਦੇ ਲੋਕਾਂ ਲਈ ਆਮਦਨ ਯਕੀਨੀ ਬਣਾ ਰਿਹਾ ਹੈ। ਇਸ ਮੌਕੇ ਉਨ੍ਹਾਂ ਸ੍ਰੀ ਅਲੂਰੀ ਦੇ ਭਤੀਜੇ ਅਲੂਰੀ ਸ੍ਰੀਰਾਮ ਰਾਜੂ ਤੇ ਅਲੂਰੀ ਦੇ ਨੇੜਲੇ ਲੈਫਟੀਨੈਂਟ ਮੱਲਾ ਦੋਰਾ ਦੇ ਪੁੱਤਰ ਬੋਦੀ ਦੋਰਾ ਦਾ ਸਨਮਾਨ ਵੀ ਕੀਤਾ। -ਪੀਟੀਆਈ
ਪ੍ਰਧਾਨ ਮੰਤਰੀ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਸੰਨ੍ਹ
ਅਮਰਾਵਤੀ: ਭੀਮਾਵਰਮ ਲਈ ਵਿਜੈਵਾੜਾ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐੱਮਆਈ- 17 ਹੈਲੀਕਾਪਟਰ ਦੇ ਰਸਤੇ ’ਚ ਕਾਲੇ ਰੰਗ ਦੇ ਗੁਬਾਰੇ ਛੱਡਣ ਦੇ ਦੋਸ਼ ਹੇਠ ਪੁਲੀਸ ਨੇ ਇੱਕ ਕਾਂਗਰਸੀ ਕਾਰਕੁਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਵੱਲੋਂ ਇਸ ਨੂੰ ਸੁਰੱਖਿਆ ਪ੍ਰਬੰਧਾਂ ’ਚ ਇੱਕ ਵੱਡੀ ਕੋਤਾਹੀ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਸੂਬਾਈ ਪੁਲੀਸ ਨੇ ਸੁਰੱਖਿਆ ’ਚ ਕਿਸੇ ਕੁਤਾਹੀ ਤੋਂ ਇਨਕਾਰ ਕੀਤਾ ਹੈ ਪਰ ਕਿਹਾ ਹੈ ਕਿ ਇਸ ਮਾਮਲੇ ’ਚ ਇੱਕ ਕਾਂਗਰਸੀ ਕਾਰਕੁਨ ਤੇ ਏਅਰਪੋਰਟ ’ਚ ਕਾਲੇ ਗੁਬਾਰੇ ਲੈ ਕੇ ਘੁਸਣ ਦੀ ਕੋਸ਼ਿਸ਼ ਕਰ ਰਹੇ ਤਿੰਨ ਹੋਰ ਕਾਂਗਰਸੀ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ