ਨਵੀਂ ਦਿੱਲੀ, 12 ਸਤੰਬਰ
ਫਰਾਂਸ ਦੀ ਵਿਦੇਸ਼ ਮੰਤਰੀ ਕੈਥਰੀਨ ਕੋਲੋਨਾ ਭਲਕ ਤੋਂ ਭਾਰਤ ਦੇ ਤਿੰਨ ਰੋਜ਼ਾ ਦੌਰੇ ਉਤੇ ਆਉਣਗੇ। ਇਸ ਦੌਰਾਨ ਉਹ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ। ਦੋਵਾਂ ਆਗੂਆਂ ਵਿਚਾਲੇ ਸਾਂਝੇ ਹਿੱਤਾਂ ਨਾਲ ਜੁੜੇ ਦੁਵੱਲੇ, ਖੇਤਰੀ ਤੇ ਕੌਮਾਂਤਰੀ ਮੁੱਦਿਆਂ ਉਤੇ ਗੱਲਬਾਤ ਹੋਵੇਗੀ। ਕੋਲੋਨਾ ਆਪਣੇ 13-15 ਸਤੰਬਰ ਦੇ ਦੌਰੇ ਦੌਰਾਨ ਮੁੰਬਈ ਵੀ ਜਾਣਗੇ। ਉੱਥੇ ਉਹ ਉਦਯੋਗ ਜਗਤ ਦੀਆਂ ਹਸਤੀਆਂ ਨੂੰ ਮਿਲਣਗੇ ਤੇ ਕਈ ਹੋਰ ਥਾਵਾਂ ’ਤੇ ਵੀ ਜਾਣਗੇ। ਫਰਾਂਸ ਦੀ ਵਿਦੇਸ਼ ਮੰਤਰੀ ਨਵੀਂ ਦਿੱਲੀ ਵਿਚ ਆਪਣੇ ਭਾਰਤੀ ਹਮਰੁਤਬਾ ਨੂੰ 14 ਸਤੰਬਰ ਨੂੰ ਮਿਲੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ-ਫਰਾਂਸ ਦਰਮਿਆਨ ਲੰਮੇ ਸਮੇਂ ਤੋਂ ਰਣਨੀਤਕ ਭਾਈਵਾਲੀ ਹੈ ਜੋ ਲਗਾਤਾਰ ਉੱਚ ਪੱਧਰੀ ਤਾਲਮੇਲ ਨਾਲ ਮਜ਼ਬੂਤ ਹੁੰਦੀ ਰਹੀ ਹੈ। -ਪੀਟੀਆਈ