ਨਵੀਂ ਦਿੱਲੀ, 28 ਜੂਨ
ਰੇਲਵੇ ਦੀਆਂ ਏਸੀ ਰੇਲਗੱਡੀਆਂ ਦੇ ਡੱਬਿਆਂ ਵਿੱਚ ਹੁਣ ਅਪਰੇਸ਼ਨ ਥੀਏਟਰ ਵਾਂਗ ਤਾਜ਼ੀ ਹਵਾ ਭੇਜ ਕੇ ਇਕੋ ਜਿਹੀ ਆਬੋ-ਹਵਾ ਤਬਦੀਲ ਕੀਤੀ ਜਾਵੇਗੀ ਤਾਂ ਕਿ ਕਰੋਨਾਵਾਇਰਸ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ। ਇਹ ਤਜਰਬਾ 12 ਮਈ ਤੋਂ ਰਾਜਧਾਨੀ ਰੂਟਾਂ ’ਤੇ ਚੱਲ ਰਹੀਆਂ ਏਸੀ ਰੇਲਗੱਡੀਆਂ ’ਚ ਸ਼ੁਰੂ ਕੀਤਾ ਗਿਆ ਸੀ, ਜਿਸਨੂੰ ਹੁਣ ਹੁਣ ਰੇਲਵੇ ਵਿਭਾਗ ਵੱਲੋਂ ਕੋਵਿਡ- 19 ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਵਜੋਂ ਵੀ ਅਜ਼ਮਾਇਆ ਜਾਵੇਗਾ। ਭਾਰਤੀ ਰੇਲਵੇ ਦੇ ਏਸੀ ਕੋਚਾਂ ਦਾ ‘ਦਿ ਰੂਫ ਮਾਊਂਟਡ ਏਸੀ ਪੈਕੇਜ’ (ਆਰਐੱਮਪੀਯੂ) ਅਪਰੇਸ਼ਨ ਥੀਏਟਰਾਂ ਵਾਂਗ ਇੱਕ ਘੰਟੇ ਵਿੱਚ 16 ਤੋਂ 18 ਵਾਰ ਪੁਰਾਣੀ ਹਵਾ ਨੂੰ ਬਦਲ ਦਿੰਦਾ ਹੈ। ਇਸ ਸਬੰਧੀ ਇੱਕ ਅਧਿਕਾਰੀ ਨੇ ਕਿਹਾ,‘ਯਾਤਰੀਆਂ ਦੀ ਸੁਰੱਖਿਆ ਲਈ ਸਾਨੂੰ ਇਹ ਕੀਮਤ ਚੁਕਾਉਣੀ ਪਵੇਗੀ। ਇਹ ਨਵਾਂ ਸਾਧਾਰਨ ਨਿਯਮ ਹੈ।’ ਹਾਲਾਂਕਿ ਤਾਜ਼ੀ ਹਵਾ ’ਚ ਵਾਧਾ ਕਰਨ ਲਈ ਊਰਜਾ ਦੀ ਖਪਤ ’ਚ 10 ਤੋਂ 15 ਫ਼ੀਸਦੀ ਤੱਕ ਵਾਧਾ ਹੋਇਆ ਹੈ। -ਪੀਟੀਆਈ