ਸ੍ਰੀਨਗਰ, 23 ਦਸੰਬਰ
ਕਸ਼ਮੀਰ ਦੇ ਮਸ਼ਹੂਰ ਗੁਲਮਰਗ ਸਕੀ ਰਿਜ਼ੌਰਟ ਅਤੇ ਕੁਝ ਹੋਰ ਉੱਚੇ ਖੇਤਰਾਂ ’ਚ ਅੱਜ ਤਾਜ਼ਾ ਬਰਫ਼ਬਾਰੀ ਹੋਈ ਅਤੇ ਨਾਲ ਹੀ ਘਾਟੀ ’ਚ ਘੱਟੋ ਘੱਟ ਤਾਪਮਾਨ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਗੁਲਮਰਗ ਤੇ ਇਸ ਦੇ ਨੇੜਲੇ ਤੰਗਮਰਗ ਤੇ ਬਾਬਰੇਸ਼ੀ ਖੇਤਰਾਂ ’ਚ ਦੋ ਤੋਂ ਤਿੰਨ ਇੰਚ ਤੱਕ ਬਰਫ਼ਬਾਰੀ ਹੋਈ। ਇਸ ਤੋਂ ਇਲਾਵਾ ਗੁਰੇਜ਼, ਰਾਜ਼ਦਾਨ ਦੱਰਾ, ਸਾਧਨਾ ਦੱਰਾ, ਫੁਰਕੈਨ ਗਲੀ, ਜ਼ੈੱਡ ਗਲੀ ਤੇ ਸ਼ੋਪੀਆਂ ਅਤੇ ਜ਼ੋਜਿਲਾ ਦੱਰਾ ’ਚ ਵੀ ਤਾਜ਼ਾ ਬਰਫ਼ਬਾਰੀ ਹੋਈ ਹੈ। ਕੁਝ ਇਲਾਕਿਆਂ ’ਚ ਮੀਂਹ ਵੀ ਪਿਆ ਹੈ। ਕਸ਼ਮੀਰ ’ਚ 21 ਦਸੰਬਰ ਨੂੰ 40 ਦਿਨ ਚੱਲਣ ਵਾਲਾ ਸਖਤ ਠੰਢ ਦਾ ‘ਚਿੱਲਈ ਕਲਾਂ’ ਦਾ ਦੌਰ ਸ਼ੁਰੂ ਹੋ ਗਿਆ ਸੀ। ਇਸ ਦੌਰਾਨ ਇਸ ਖੇਤਰ ’ਚ ਕੜਾਕੇ ਦੀ ਠੰਢ ਪੈਂਦੀ ਹੈ। ਉੱਧਰ ਬੱਦਲ ਛਾਏ ਰਹਿਣ ਕਾਰਨ ਲੰਘੀ ਰਾਤ ਘਾਟੀ ’ਚ ਘੱਟੋ ਘੱਟ ਤਾਪਮਾਨ ’ਚ ਸੁਧਾਰ ਹੋਇਆ ਹੈ ਅਤੇ ਵਧੇਰੇ ਥਾਵਾਂ ’ਤੇ ਪਾਰਾ ਜਮਾਓ ਬਿੰਦੂ ਤੋਂ ਉੱਪਰ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ’ਚ ਲੰਘੀ ਰਾਤ ਤਾਪਮਾਲ 2.6 ਡਿਗਰੀ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਰਫ਼ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਰਿਜ਼ੌਰਟ ’ਚ ਘੱਟੋ ਘੱਟ ਤਾਪਮਾਨ ਜਮਾਓ ਬਿੰਦੂ ਤੋਂ ਹੇਠਾਂ ਰਿਹਾ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਅੰਦਰ ਜੰਮੂ ਕਸ਼ਮੀਰ ਦਦੀਆਂ ਕਈ ਥਾਵਾਂ ’ਤੇ ਹਲਕਾ ਮੀਂਹ ਜਾਂ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਇਸ ਖੇਤਰ ’ਚ 26-27 ਦਸੰਬਰ ਦਰਮਿਆਨ ਮੁੜ ਬਰਫ਼ਬਾਰੀ ਹੋ ਸਕਦੀ ਹੈ। ਇਸ ਦੌਰਨ ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਦਰਮਿਆਨੀ ਬਰਫ਼ਬਾਰੀ, ਜੰਮੂ ’ਚ ਮੀਂਹ ਅਤੇ ਲੱਦਾਖ ’ਚ ਦਰਮਿਆਨੀ ਬਰਫ਼ਬਾਰੀ ਹੋ ਸਕਦੀ ਹੈ। -ਪੀਟੀਆਈ