ਨਵੀਂ ਦਿੱਲੀ, 23 ਮਾਰਚ
ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਪਹਿਲੀ ਅਪਰੈਲ ਤੋਂ 45 ਸਾਲ ਤੋਂ ਉੱਪਰ ਦੇ ਸਾਰੇ ਲੋਕ ਕੋਵਿਡ- 19 ਰੋਕੂ ਵੈਕਸੀਨ ਲਵਾਉਣ ਦੇ ਯੋਗ ਹੋਣਗੇ। ਸਰਕਾਰ ਨੇ ਇਸ ਉਮਰ ਵਰਗ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਹੈ। ਕੈਬਨਿਟ ਮੀਟਿੰਗ ’ਚ ਲਏ ਫ਼ੈਸਲਿਆਂ ਬਾਰੇ ਪੱਤਰਕਾਰਾਂ ਨੂੰ ਦੱਸਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਹੁਣ ਬਿਨਾਂ ਕਿਸੇ ਬਿਮਾਰੀ ਤੋਂ ਪੀੜਤ 45 ਸਾਲ ਤੋਂ ਉਪਰ ਦੇ ਸਾਰੇ ਲੋਕ ਵੈਕਸੀਨ ਲਵਾ ਸਕਣਗੇ। ਉਨ੍ਹਾਂ ਦੱਸਿਆ ਕਿ ਕੈਬਨਿਟ ਨੇ ਇਹ ਫ਼ੈਸਲਾ ਵੀ ਲਿਆ ਹੈ ਕਿ ਵੈਕਸੀਨ ਦੀ ਦੂਜੀ ਡੋਜ਼ ਡਾਕਟਰਾਂ ਦੀ ਸਲਾਹ ਮੁਤਾਬਕ ਚਾਰ ਤੋਂ ਅੱਠ ਹਫ਼ਤਿਆਂ ਵਿਚਕਾਰ ਲਈ ਜਾ ਸਕੇਗੀ। ਸ੍ਰੀ ਜਾਵੜੇਕਰ ਨੇ ਦੱਸਿਆ ਕਿ ਕੇਂਦਰੀ ਕੈਬਨਿਟ ਨੇ ਟੀਕਾਕਰਨ ਮੁਹਿੰਮ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕੋਵਿਡ- 19 ਤੋਂ ਬਚਾਅ ਲਈ ਅੱਜ 4.85 ਕਰੋੜ ਵੈਕਸੀਨ ਲਾਈ ਜਾ ਚੁੱਕੀ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 32 ਲੱਖ ਲੋਕ ਵੈਕਸੀਨ ਲੈ ਚੁੱਕੇ ਹਨ। ਉਨ੍ਹਾਂ ਕਿਹਾ,‘ਸਾਡੀ ਅਪੀਲ ਹੈ ਕਿ 45 ਸਾਲ ਤੋਂ ਉੱਪਰ ਦੇ ਸਾਰੇ ਲੋਕ ਜਿੰਨੀ ਜਲਦੀ ਹੋ ਸਕੇ, ਇਹ ਵੈਕਸੀਨ ਲਗਵਾਉਣ ਕਿਉਂਕਿ ਇਹ ਉਨ੍ਹਾਂ ਨੂੰ ਕਰੋਨਾਵਾਇਰਸ ਤੋਂ ਬਚਾਅ ਲਈ ਰੱਖਿਆ ਪ੍ਰਦਾਨ ਕਰੇਗੀ ਤੇ ਉਹ ਵੈਕਸੀਨ ਲਵਾਉਣ ਲਈ ਰਜਿਸਟੇਸ਼ਨ ਕਰਵਾਉਣ।’ ਸ੍ਰੀ ਜਾਵੜੇਕਰ ਨੇ ਕਿਹਾ ਕਿ ਵੈਕਸੀਨ ਵੱਡੀ ਮਾਤਰਾ ’ਚ ਉਪਲੱਬਧ ਹੈ ਅਤੇ ਇਸਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਹਰ ਕੋਈ ਇਸ ਫ਼ੈਸਲੇ ਦਾ ਸੁਆਗਤ ਕਰੇਗਾ ਅਤੇ ਵੈਕਸੀਨ ਲਵਾਉਣ ਲਈ ਅੱਗੇ ਆਏਗਾ। ਕੁਝ ਸੂਬਿਆਂ ਵਿੱਚ ਕੋਵਿਡ- 19 ਕੇਸਾਂ ਦੀ ਗਿਣਤੀ ਵਧਣ ਸਬੰਧੀ ਪੁੱਛੇ ਇੱਕ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਸੰਪਰਕ ’ਚ ਹੈ ਅਤੇ ਇਸ ਮਸਲੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਮੰਨਿਆ,‘ਸਾਨੂੰ ਉਮੀਦ ਹੈ ਕਿ ਵਾਇਰਸ ਨੂੰ ਫੈਲਣ ਨਹੀਂ ਦਿੱਤਾ ਜਾਵੇਗਾ।’ ਪੰਜਾਬ ਵਿੱਚ 80 ਫ਼ੀਸਦੀ ਕੇਸ ਯੂਕੇ ਸਟਰੇਨ ਨਾਲ ਸਬੰਧਤ ਹੋਣ ਸਬੰਧੀ ਪੁੱਛੇ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਵਾਇਰਸ ਨਵੇਂ ਰੂਪਾਂ ਤੇ ਕਿਸਮਾਂ ’ਚ ਸਾਹਮਣੇ ਆ ਰਿਹਾ ਹੈ। ਇਸੇ ਲਈ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ, ਕਿਉਂਕਿ ਇਹੀ ਇਸ ਤੋਂ ਬਚਾਅ ਦਾ ਸਾਧਨ ਹੈ।
-ਪੀਟੀਆਈ