ਨਵੀਂ ਦਿੱਲੀ, 10 ਮਾਰਚ
ਅਸੈਂਬਲੀ ਚੋਣਾਂ ਦੇ ਨਤੀਜਿਆਂ ਨੇ ਕਈ ਸਿਆਸੀ ਪਾਰਟੀਆਂ ਦੇ ਦਿੱਗਜਾਂ ਨੂੰ ਅਰਸ਼ ਤੋਂ ਫਰਸ਼ ’ਤੇ ਲੈ ਆਂਦਾ ਹੈ। ਇਨ੍ਹਾਂ ਵਿੱਚ ਦੋ ਮੌਜੂਦਾ ਤੇ ਪੰਜ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉੱਤਰਾਖੰਡ ਦੇ ਉਨ੍ਹਾਂ ਦੇ ਹਮਰੁਤਬਾ ਪੁਸ਼ਕਰ ਸਿੰਘ ਧਾਮੀ ਆਪੋ-ਆਪਣੀਆਂ ਸੀਟਾਂ ਬਚਾਉਣ ਵਿੱਚ ਨਾਕਾਮ ਰਹੇ ਹਨ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਸਿੰਘ ਰਾਵਤ ਅਤੇ ਪੰਜਾਬ ਦੇ ਦੋ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਦੀ ਹੋਣੀ ਵੀ ਇਕੋ ਜਿਹੀ ਰਹੀ। ਭਾਜਪਾ ਆਗੂ ਧਾਮੀ ਭਾਵੇਂ ਚੋਣ ਹਾਰ ਗਏ, ਪਰ ਉਨ੍ਹਾਂ ਦੀ ਪਾਰਟੀ ਸਪਸ਼ਟ ਬਹੁਮੱਤ ਨਾਲ ਉੱਤਰਾਖੰਡ ਵਿੱਚ ਸਰਕਾਰ ਬਣਾਉਣ ਦੀ ਦਿਸ਼ਾ ’ਚ ਅੱਗੇ ਵੱਧ ਗਈ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਅੱਗੇ ਤਿੰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਤੇ ਰਾਜਿੰਦਰ ਕੌਰ ਭੱਠਲ ਕ੍ਰਮਵਾਰ ਲੰਬੀ, ਪਟਿਆਲਾ (ਸ਼ਹਿਰੀ) ਤੇ ਲਹਿਰਾਗਾਗਾ ਤੋਂ ਜਿੱਤ ਦਰਜ ਕਰਨ ਵਿੱਚ ਨਾਕਾਮ ਰਹੇ। ਮੁੱਖ ਮੰਤਰੀ ਚੰਨੀ ਭਦੌੜ ਤੇ ਚਮਕੌਰ ਸਾਹਿਬ ਦੋਵਾਂ ਥਾਵਾਂ ਤੋਂ ਹਾਰ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਜਲਾਲਾਬਾਦ ਤੋਂ ‘ਆਪ’ ਉਮੀਦਵਾਰ ਕੋਲੋਂ ਸ਼ਿਕਸਤ ਖਾ ਗਏ। ‘ਆਪ’ ਉਮੀਦਵਾਰਾਂ ਨੇ ਪੰਜਾਬ ਦੇ ਮੌਜੂਦਾ ਤੇ ਸਾਬਕਾ ਮੰਤਰੀਆਂ ਨੂੰ ਵੀ ਹਰਾਇਆ। ਗੋਆ ਵਿੱਚ ਸਾਬਕਾ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਚੋਣ ਮੈਦਾਨ ਵਿੱਚ ਨਿੱਤਰੇ ਚਰਚਿਲ ਅਲੇਮੋ ਨੂੰ ਬੇਨਾਓਲਿਮ ਤੋਂ ‘ਆਪ’ ਉਮੀਦਵਾਰ ਨੇ ਸ਼ਿਕਸਤ ਦਿੱਤੀ। ਦੋਵੇਂ ਉਪ ਮੁੱਖ ਮੰਤਰੀ ਕਾਂਗਰਸ ਉਮੀਦਵਾਰਾਂ ਕੋਲੋਂ ਹਾਰ ਗਏ ਹਾਲਾਂਕਿ ਭਾਜਪਾ ਸਾਹਿਲੀ ਰਾਜ ਵਿੱਚ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਉਭਰੀ ਹੈ। ਉਪ ਮੁੱਖ ਮੰਤਰੀ ਮਨੋਹਰ ਅਜਗਾਓਂਕਰ ਨੂੰ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਉਮੀਦਵਾਰ ਦਿਗਾਂਬਰ ਕਾਮਤ ਨੇ ਹਰਾਇਆ ਜਦੋਂਕਿ ਇਕ ਹੋਰ ਉਪ ਮੁੱਖ ਮੰਤਰੀ ਚੰਦਰਕਾਂਤ ਕਾਵਲੇਕਰ ਨੂੰ ਕਾਂਗਰਸ ਦੇ ਐਲਟਨ ਡੀਕੋਸਟਾ ਨੇ ਕਿਊਪੈੱਮ ਤੋਂ ਹਰਾਇਆ। -ਪੀਟੀਆਈ