ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਅਗਸਤ
ਅੱਜ ਲਾਲ ਕਿਲ੍ਹੇ ’ਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਫੁੱਲ ਡਰੈੱਸ ਰਿਹਰਸਲ ਕੀਤੀ ਗਈ, ਜਿਸ ਵਿੱਚ ਕਮਾਂਡੋ ਬਲਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੁਰੱਖਿਆ ਪੱਖੋਂ ਲਾਲ ਕਿਲ੍ਹੇ ਦੇ ਇਲਾਕੇ ਵਿੱਚ ਥਾਂ ਥਾਂ ਸਾਰਪ ਸ਼ੂਟਰ ਤੇ ਉੱਚੀਆਂ ਇਮਾਰਤਾਂ ਉਤੇ ਤਾਇਨਾਤ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ। ਨੇੜਲੇ ਇਲਾਕੇ ਦੀਆਂ ਦੁਕਾਨਾਂ, ਅਦਾਰੇ, ਸੰਸਥਾਵਾਂ ਬੰਦ ਕਰਕੇ ਸੀਲ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਦਿੱਲੀ ਦੇ ਚਾਰ ਮੈਟਰੋ ਸਟੇਸ਼ਨਾਂ ਦੇ ਕਈ ਗੇਟ ਡਰੈੱਸ ਰਿਹਰਸਲ ਲਈ ਸਵੇਰੇ 11 ਵਜੇ ਤੱਕ ਬੰਦ ਕਰ ਦਿੱਤੇ ਗਏ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚ ਆਈਟੀਓ, ਲਾਲ ਕਿਲਾ, ਜਾਮਾ ਮਸਜਿਦ ਅਤੇ ਦਿੱਲੀ ਗੇਟ ਮੈਟਰੋ ਸਟੇਸ਼ਨ ਸ਼ਾਮਲ ਹਨ।