ਲਖਨਊ, 10 ਜੁਲਾਈ
ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਪਤਨੀ ਸਾਧਨਾ ਗੁਪਤਾ ਦਾ ਅੱਜ ਇੱਥੇ ਪਿਪਰਾ ਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਬੀਤੇ ਦਿਨ ਹਰਿਆਣਾ ਦੇ ਗੁਰੂਗਰਾਮ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਹ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਬੀਤੀ ਰਾਤ ਲਖਨਊ ਲਿਆਂਦੀ ਗਈ, ਜਿੱਥੇ ਪਿਪਰਾ ਘਾਟ ਵਿੱਚ ਅੱਜ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਸਾਧਨਾ ਦੇ ਪੁੱਤਰ ਪ੍ਰਤੀਕ ਯਾਦਵ ਨੇ ਅੰਤਮ ਰਸਮਾਂ ਕੀਤੀਆਂ। ਸਿਹਤ ਖ਼ਰਾਬ ਹੋਣ ਕਾਰਨ ਮੁਲਾਇਮ ਯਾਦਵ ਨੇ ਕਾਰ ਵਿੱਚ ਬੈਠਿਆਂ ਹੀ ਪਤਨੀ ਨੂੰ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦਾ ਬੇਟਾ ਅਤੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਵੀ ਮੌਕੇ ’ਤੇ ਮੌਜੂਦ ਸੀ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਸਾਬਕਾ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਅਤੇ ਹੋਰ ਸੀਨੀਅਰ ਆਗੂ ਮੁਲਾਇਮ ਸਿੰਘ ਨਾਲ ਦੁੱਖ ਵੰਡਾਉਣ ਲਈ ਉਨ੍ਹਾਂ ਦੇ ਘਰ ਪੁੱਜੇ।
ਜ਼ਿਕਰਯੋਗ ਹੈ ਕਿ ਸਾਧਨਾ ਪਿਛਲੇ ਤਿੰਨ ਮਹੀਨਿਆਂ ਤੋਂ ਫੇਫੜਿਆਂ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਸਨ। ਮੇਦਾਂਤਾ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਜਿੱਥੇ ਸ਼ਨਿਚਰਵਾਰ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ ਮੁਲਾਇਮ ਯਾਦਵ ਦੀ ਦੂਜੀ ਪਤਨੀ ਸੀ। ਉਨ੍ਹਾਂ ਦੀ ਪਹਿਲੀ ਪਤਨੀ ਅਤੇ ਅਖਿਲੇਸ਼ ਯਾਦਵ ਦੀ ਮਾਤਾ ਮਾਲਤੀ ਦੇਵੀ ਦਾ 2003 ਵਿੱਚ ਦੇਹਾਂਤ ਹੋ ਗਿਆ ਸੀ। -ਪੀਟੀਆਈ