ਨਾਗਪੁਰ, 20 ਦਸੰਬਰ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਵਿਚਾਰਧਾਰਕ ਮਾਧਵ ਗੋਵਿੰਦ ਦਾ ਅੱਜ ਇਥੇ ਨਾਗਪੁਰ ਦੇ ਸ਼ਮਸ਼ਾਨਘਾਟ ’ਚ ਸਸਕਾਰ ਕਰ ਦਿੱਤਾ ਗਿਆ। ਸੰਘ ਦੇ ਪਹਿਲੇ ਬੁਲਾਰੇ ਵੈਦਿਆ (97) ਦਾ ਸੰਖੇਪ ਬਿਮਾਰੀ ਮਗਰੋਂ ਸ਼ਨਿੱਚਰਵਾਰ ਨੂੰ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀਆਂ ਅੰਤਿਮ ਰਸਮਾਂ ਅੱਜ ਸਵੇਰੇ ਅੰਬਾਜ਼ਾਰੀ ਸ਼ਮਸ਼ਾਨਘਾਟ ’ਚ ਪੂਰੀ ਕੀਤੀਆਂ ਗਈਆਂ।
ਇਸ ਮੌਕੇ ਸੰਘ ਦੇ ਮੁਖੀ ਮੋਹਨ ਭਾਗਵਤ, ਆਰਐੱਸਐੱਸ ਨਾਗਪੁਰ ਮਹਾਨਗਰ ਸੰਚਾਲਕ ਰਾਜੇਸ਼ ਲੋਯਾ, ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ, ਸੂਬੇ ਦੇ ਸਾਬਕਾ ਊਰਜਾ ਮੰਤਰੀ ਚੰਦਰਸ਼ੇਖਰ ਬਵਾਨਕੁਲੇ, ਸਵੈਮਸੇਵਕ ਤੇ ਹੋਰ ਕਈ ਲੋਕ ਮੌਜੂਦ ਸਨ। ਵਿਛੜੀ ਰੂਹ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਵੈਦਿਆ ਦੇ ਘਰ ਦੀ ਫੇਰੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਗਵਤ ਨੇ ਕਿਹਾ, ‘ਐੱਮ.ਜੀ.ਵੈਦਿਆ ਨੇ ਆਪਣੀ ਸਾਰੀ ਉਮਰ ਸੰਘ ਦੇ ਸਿਧਾਂਤਾਂ ਦੀ ਰੱਖਿਆ ਤੇ ਉਨ੍ਹਾਂ ਮੁਤਾਬਕ ਜਿਊਣ ਲਈ ਕੱਢ ਦਿੱਤੀ। ਉਹ ਆਰਐੱਸਐੱਸ ਦਾ ਵਿਸ਼ਵਕੋਸ਼ ਸਨ ਤੇ ਉਨ੍ਹਾਂ ਦੀ ਮੌਤ ਨਾਲ ਇਕ ਖਲਾਅ ਪੈਦਾ ਹੋ ਗਿਆ ਹੈ।’ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਲੰਘੀ ਰਾਤ ਵੈਦਿਆ ਦੇ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ। -ਪੀਟੀਆਈ