ਸ੍ਰੀਨਗਰ/ਨਵੀਂ ਦਿੱਲੀ, 13 ਫਰਵਰੀ
ਜੰਮੂ ਕਸ਼ਮੀਰ ਦੇ ਚਾਰ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ (ਹੁਣ ਲੋਕ ਸਭਾ ਮੈਂਬਰ), ਗੁਲਾਮ ਨਬੀ ਆਜ਼ਾਦ, ਉਮਰ ਅਬਦੁੱਲਾ ਅਤੇ ਮਹਬਿੂਬਾ ਮੁਫ਼ਤੀ ਦੀ ਸੁਰੱਖਿਆ ’ਚ ਹੋਰ ਕਟੌਤੀ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਮੁਤਾਬਕ ਸ੍ਰੀਨਗਰ ਜ਼ਿਲ੍ਹੇ ’ਚ ਉਨ੍ਹਾਂ ਦੇ ਦੌਰੇ ਸਮੇਂ ਜੈਮਰਾਂ ਅਤੇ ਐਂਬੂਲੈਂਸਾਂ ਦੀ ਤਾਇਨਾਤੀ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਲੋਕ ਸਭਾ ਮੈਂਬਰ ਫਾਰੂਕ ਅਬਦੁੱਲਾ ਸ੍ਰੀਨਗਰ ਦੀ ਹਜ਼ਰਤਬਲ ਦਰਗਾਹ ਅਤੇ ਦਸਗੀਰ ਸਾਬ ’ਚ ਪ੍ਰਾਰਥਨਾ ਲਈ ਪੁੱਜੇ ਸਨ ਤਾਂ ਉਨ੍ਹਾਂ ਨਾਲ ਐਂਬੂਲੈਂਸ ਅਤੇ ਜੈਮਰਾਂ ਵਾਲੇ ਵਾਹਨ ਨਹੀਂ ਸਨ। ਉਂਜ ਅਧਿਕਾਰੀਆਂ ਨੇ ਕਿਹਾ ਕਿ ਚਾਰੋਂ ਸਾਬਕਾ ਮੁੱਖ ਮੰਤਰੀਆਂ ਨੂੰ ਹੋਰ ਜ਼ਿਲ੍ਹਿਆਂ ਦੇ ਦੌਰੇ ਸਮੇਂ ਹੋਰ ਸਹੂਲਤਾਂ ਸਮੇਤ ਜੈਮਰ ਅਤੇ ਐਂਬੂਲੈਂਸਾਂ ਦੀ ਤਾਇਨਾਤੀ ਜਾਰੀ ਰਹੇਗੀ। ਸੁਰੱਖਿਆ ’ਚ ਕਟੌਤੀ ਦਾ ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਵਿਸ਼ੇਸ਼ ਸੁਰੱਖਿਆ ਗਰੁੱਪ (ਐੱਸਐੱਸਜੀ) ਦੀ ਨਫ਼ਰੀ ਘਟਾ ਦਿੱਤੀ ਗਈ ਸੀ। ਚਾਰ ਸਾਬਕਾ ਮੁੱਖ ਮੰਤਰੀਆਂ ਦੀ ਸੁਰੱਖਿਆ ’ਚੋਂ ਐੱਸਐੱਸਜੀ ਨੂੰ ਹਟਾ ਲਿਆ ਗਿਆ ਹੈ ਅਤੇ ਹੁਣ ਸੁਰੱਖਿਆ ਦੀ ਜ਼ਿੰਮੇਵਾਰੀ ਜੰਮੂ ਕਸ਼ਮੀਰ ਪੁਲੀਸ ਹਵਾਲੇ ਕਰ ਦਿੱਤੀ ਗਈ ਹੈ।
ਐੱਸਐੱਸਜੀ ਵੱਲੋਂ ਹੁਣ ਸਿਰਫ਼ ਅਹੁਦੇ ’ਤੇ ਤਾਇਨਾਤ ਮੁੱਖ ਮੰਤਰੀਆਂ ਅਤੇ ਉਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਨੂੰ ਹੀ ਸੁਰੱਖਿਆ ਦਿੱਤੀ ਜਾਵੇਗੀ। ਸੁਰੱਖਿਆ ’ਚ ਕਟੌਤੀ ਦਾ ਮਾਮਲਾ ਭਖ ਗਿਆ ਹੈ ਕਿਉਂਕਿ ਪਿਛਲੇ ਸਾਲ ਤੋਂ ਸ੍ਰੀਨਗਰ ਸ਼ਹਿਰ ’ਚ ਅਤਿਵਾਦ ਨਾਲ ਸਬੰਧਤ ਹਿੰਸਾ ’ਚ ਵਾਧਾ ਦੇਖਿਆ ਗਿਆ ਹੈ। -ਪੀਟੀਆਈ