ਨਵੀਂ ਦਿੱਲੀ, 8 ਸਤੰਬਰ
ਨਵੀਂ ਦਿੱਲੀ ’ਚ ਅੱਜ ਸਵੇਰੇ ਸਖਤ ਟ੍ਰੈਫਿਕ ਨਿਯਮ ਲਾਗੂ ਕਰ ਦਿੱਤੇ ਗਏ ਹਨ, ਜਦਕਿ ਜੀ-20 ਸੰਮੇਲਨ ਸਥਾਨ ਦੇ ਖੇਤਰ ਅਤੇ ਡੈਲੀਗੇਟਾਂ ਦੇ ਠਹਿਰਣ ਲਈ ਹੋਟਲਾਂ ‘ਚ ਦਵਾਈਆਂ ਨੂੰ ਛੱਡ ਕੇ ਆਨਲਾਈਨ ਡਿਲੀਵਰੀ ਸੇਵਾਵਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੰਮੇਲਨ ਕਾਰਨ ਨਵੀਂ ਦਿੱਲੀ ਜ਼ਿਲ੍ਹੇ ਨੂੰ ਸਵੇਰੇ 5 ਵਜੇ ਤੋਂ ਐਤਵਾਰ ਰਾਤ 11.59 ਵਜੇ ਤੱਕ ਕੰਟੇਨਮੈਂਟ ਜ਼ੋਨ-1 ਬਣਾ ਦਿੱਤਾ ਗਿਆ ਹੈ। ਪੁਲੀਸ ਨੇ ਲੋਕਾਂ ਨੂੰ ਸੈਰ, ਸਾਈਕਲਿੰਗ ਜਾਂ ਪਿਕਨਿਕ ਲਈ ਇੰਡੀਆ ਗੇਟ ਅਤੇ ਕਰਤਵਯ ਮਾਰਗ ‘ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਪੁਲੀਸ ਨੇ ਕਿਹਾ ਕਿ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਵਾਹਨਾਂ ਦੀ ਆਵਾਜਾਈ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਪਰ ਖੇਤਰ ਵਿੱਚ ਰਹਿਣ ਵਾਲੇ ਸਥਾਨਕ ਲੋਕਾਂ, ਸੈਲਾਨੀਆਂ ਅਤੇ ਐਂਬੂਲੈਂਸਾਂ ਨੂੰ ਸਹੀ ਪਛਾਣ ਪੱਤਰ ਦਿਖਾਉਣ ’ਤੇ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਦਿੱਲੀ ਪੁਲੀਸ ਕਮਿਸ਼ਨਰ ਸੰਜੇ ਅਰੋੜਾ ਦੀ ਅਪੀਲ ਬਾਅਦ ਦਿੱਲੀ ਮੈਟਰੋ ਨੇ 8, 9 ਅਤੇ 10 ਸਤੰਬਰ ਨੂੰ ਸਵੇਰੇ 4 ਵਜੇ ਤੋਂ ਨੈੱਟਵਰਕ ਦੀਆਂ ਸਾਰੀਆਂ ਲਾਈਨਾਂ ‘ਤੇ ਟਰਮੀਨਲ ਸਟੇਸ਼ਨਾਂ ਤੋਂ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਲੋਕਾਂ ਨੂੰ ਮੈਟਰੋ ਦੀ ਵੱਧ ਤੋਂ ਵੱਧ ਸੇਵਾਵਾਂ ਲੈਣ ਲਈ ਕਿਹਾ ਗਿਆ ਹੈ।