ਨਵੀਂ ਦਿੱਲੀ: ਕੌਮਾਂਤਰੀ ਮੁਦਰਾ ਕੋਸ਼ ਦੀਆਂ ਹਾਲੀਆ ਮੀਟਿੰਗਾਂ ਦਰਮਿਆਨ ਜੀ-20 ਮੁਲਕਾਂ ਦੇ ਵਿੱਤ ਮੰਤਰੀਆਂ ਦੀ ਮੀਟਿੰਗ ਦੌਰਾਨ ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਸਮੇਤ ਹੋਰ ਵਿਕਾਸਸ਼ੀਲ ਮੁਲਕਾਂ ਦੇ ਵਿੱਤ ਮੰਤਰੀ ਰੂਸ ਦੇ ਵਿਦੇਸ਼ ਮੰਤਰੀ ਐਂਟੋਨ ਸਿਲੁਆਨੋਵ ਦੇ ਭਾਸ਼ਣ ਦੌਰਾਨ ਕੀਤੇ ਗਏ ਵਾਕਆਊਟ ’ਚ ਸ਼ਾਮਲ ਨਹੀਂ ਹੋਏ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਵਿੱਤ ਮੰਤਰੀ ਜੈਨੇਟ ਯੈਲੇਨ ਨੇ ਰੂਸੀ ਵਿੱਤ ਮੰਤਰੀ ਦੇ ਭਾਸ਼ਣ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ। ਪ੍ਰਾਪਤ ਰਿਪੋਰਟ ਮੁਤਾਬਕ ਜੀ-7 ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ’ਚ ਪੱਛਮੀ ਮੁਲਕਾਂ ਦਾ ਆਪਣਾ ਰਾਹ ਰਿਹਾ ਸੀ, ਪਰ ਜੀ-20 ਦੀ ਮੀਟਿੰਗ ’ਚ ਭਾਰਤ, ਇੰਡੋਨੇਸ਼ੀਆ, ਚੀਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਤੇ ਸਾਊਦੀ ਅਰਬ ਸਮੇਤ ਘੱਟੋ-ਘੱਟ ਅੱਧੇ ਵਿੱਤ ਮੰਤਰੀਆਂ ਨੇ ਅਮਰੀਕਾ ਦੇ ਸੱਦੇ ਤੋਂ ਕਿਨਾਰਾ ਕਰੀ ਰੱਖਿਆ। ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਇੰਡੋਨੇਸ਼ੀਆ ਦੀ ਵਿੱਤ ਮਤਰੀ ਮੁਲਿਆਨੀ ਇੰਦਰਾਵਤੀ, ਯੈਲੇਨ ਦੇ ਵਾਕਆਊਟ ਦੌਰਾਨ ਆਪਣੀ ਸੀਟ ’ਤੇ ਬੈਠੀ ਰਹੀ ਤੇ ਉਨ੍ਹਾਂ ਪੱਛਮੀ ਮੁਲਕਾਂ ਦੇ ਵਿੱਤ ਮੰਤਰੀਆਂ ਨਾਲ ਇਕਜੁੱਟਤਾ ਪ੍ਰਗਟਾਈ। ਕੈਨੇਡਾ ਦੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ 10 ਮੰਤਰੀ ਵਾਕਆਊਟ ਕਰਕੇ ਜਾਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਐਲਾਨ ਕੀਤਾ, ‘ਦੁਨੀਆ ਦੀਆਂ ਜਮਹੂਰੀਅਤਾਂ ਰੂਸੀ ਹਮਲੇ ਤੇ ਜੰਗੀ ਅਪਰਾਧਾਂ ਨਾਲ ਨਹੀਂ ਖੜ੍ਹੀਆਂ ਰਹਿਣਗੀਆਂ। ਰੂਸ ਦਾ ਯੂਕਰੇਨ ’ਤੇ ਨਾਜਾਇਜ਼ ਹਮਲਾ ਆਲਮੀ ਅਰਥਚਾਰੇ ਨੂੰ ਖਤਰਾ ਹੈ। ਰੂਸ ਨੂੰ ਇਨ੍ਹਾਂ ’ਚ ਮੀਟਿੰਗ ’ਚ ਹਿੱਸਾ ਨਹੀਂ ਲੈਣ ਦੇਣਾ ਚਾਹੀਦਾ ਤੇ ਨਾ ਹੀ ਸ਼ਾਮਲ ਕਰਨਾ ਚਾਹੀਦਾ ਹੈ।’ ਇੱਕ ਵੱਖਰੀ ਪੋਸਟ ਵਿੱਚ ਬਰਤਾਨੀਆ ਦੇ ਵਿੱਤ ਮੰਤਰੀ ਰਿਸ਼ੀ ਸੂਨਕ ਨੇ ਕਿਹਾ, ‘ਇਸ ਤੋਂ ਪਹਿਲਾਂ ਸਾਡੇ ਨੁਮਾਇੰਦੇ ਅਮਰੀਕਾ ਤੇ ਕੈਨੇਡਿਆਈ ਹਮਰੁਤਬਿਆਂ ਨਾਲ ਅੱਜ ਜੀ-20 ਦੀ ਮੀਟਿੰਗ ਛੱਡ ਕੇ ਚਲੇ ਗਏ। ਅਸੀਂ ਰੂਸ ਵੱਲੋਂ ਯੂਕਰੇਨ ਨਾਲ ਛੇੜੀ ਜੰਗ ਖ਼ਿਲਾਫ਼ ਇਕਜੁੱਟ ਹਾਂ ਤੇ ਰੂਸ ਨੂੰ ਸਜ਼ਾ ਦਿਵਾਉਣ ਲਈ ਮਜ਼ਬੂਤ ਕੌਮਾਂਤਰੀ ਸਹਿਯੋਗ ਤਿਆਰ ਕਰਾਂਗੇ।’