ਨਾਗਪੁਰ, 21 ਅਗਸਤ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਭਾਜਪਾ ਦੇ ਸੱਤਾ ’ਚ ਆਉਣ ਦਾ ਸਿਹਰਾ ਅਟਲ ਬਿਹਾਰੀ ਵਾਜਪਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਦੀਨਦਿਆਲ ਉਪਾਧਿਆਏ ਨੂੰ ਦਿੱਤਾ| ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ, ਗਡਕਰੀ ਨੇ 1980 ਦੇ ਵਾਜਪਾਈ ਦੇ ਇਕ ਭਾਸ਼ਣ ਨੂੰ ਯਾਦ ਕੀਤਾ। ਗਡਕਰੀ ਨੇ ਕਿਹਾ, ‘ਅਟਲ ਜੀ ਨੇ ਕਿਹਾ ਸੀ- ਹਨੇਰਾ ਹਟੇਗਾ, ਸੂਰਜ ਨਿਕਲੇਗਾ, ਕਮਲ ਖਿੜੇਗਾ।’ ਉਨ੍ਹਾਂ ਕਿਹਾ ਕਿ ਉਹ ਭਾਸ਼ਣ ਮੌਕੇ ਮੌਜੂਦ ਸਨ ਤੇ ਸਾਰਿਆਂ ਨੂੰ ਵਿਸ਼ਵਾਸ ਸੀ ਕਿ ਇਕ ਦਿਨ ਅਜਿਹਾ ਆਵੇਗਾ। ਜ਼ਿਕਰਯੋਗ ਹੈ ਕਿ ਨਿਤਿਨ ਗਡਕਰੀ ਨੂੰ ਕੁਝ ਦਿਨ ਪਹਿਲਾਂ ਭਾਜਪਾ ਦੀ ਸਿਖ਼ਰਲੀ ਇਕਾਈ ਸੰਸਦੀ ਬੋਰਡ ਵਿਚੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਆਰਐੱਸਐੱਸ ਦੇ ਵਿਚਾਰਕ ਮਰਹੂਮ ਦੱਤੋਪੰਤ ਥੇਂਗੜੀ ਦਾ ਹਵਾਲਾ ਦਿੰਦਿਆ ਕਿਹਾ ਕਿ ਉਹ ਕਹਿੰਦੇ ਸਨ ਕਿ ਹਰ ਰਾਜਨੇਤਾ ਆਪਣੀ ਅਗਲੀ ਚੋਣ ਬਾਰੇ ਸੋਚਦਾ ਹੈ। ਉਹ (ਅਗਲੇ) ਪੰਜ ਸਾਲਾਂ ਬਾਰੇ ਸੋਚਦਾ ਹੈ। ਪਰ ਹਰ ਸਮਾਜਿਕ-ਆਰਥਿਕ ਸੁਧਾਰਕ ਜੋ ਸਮਾਜ ਅਤੇ ਦੇਸ਼ ਦਾ ਨਿਰਮਾਣ ਕਰਨਾ ਚਾਹੁੰਦਾ ਹੈ, ਇੱਕ ਸਦੀ ਤੋਂ ਦੂਜੀ ਸਦੀ ਤੱਕ ਸੋਚਦਾ ਹੈ। ਇਸ ਕੰਮ ਦਾ ਕੋਈ ਸ਼ਾਰਟਕੱਟ ਨਹੀਂ ਹੈ। -ਪੀਟੀਆਈ