ਨਵੀਂ ਦਿੱਲੀ, 7 ਮਾਰਚ
ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੁਰਾਣੇ ਵਾਹਨ ਨੂੰ ਕਬਾੜ ਕਰਨ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਹੁਣ ਉਹ ਅਜਿਹਾ ਕਰਕੇ ਨਵੇਂ ਵਾਹਨ ਦੀ ਖ਼ਰੀਦ ’ਤੇ ਲੱਗਪਗ ਪੰਜ ਫ਼ੀਸਦੀ ਤੱਕ ਛੋਟ ਲੈ ਸਕਦੇ ਹਨ। ਸ੍ਰੀ ਗਡਕਰੀ ਨੇ ਕਿਹਾ, ‘ਪੁਰਾਣੇ ਵਾਹਨਾਂ ਨੂੰ ਕਬਾੜ ਕਰਨ ਬਦਲੇ ਵਾਹਨ ਕੰਪਨੀਆਂ ਗਾਹਕਾਂ ਨੂੰ ਨਵੇਂ ਵਾਹਨਾਂ ਦੀ ਖ਼ਰੀਦ ’ਤੇ ਪੰਜ ਫ਼ੀਸਦੀ ਛੋਟ ਦੇਣਗੀਆਂ।’ ਵਾਹਨਾਂ ਨੂੰ ਸਵੈ-ਇੱਛਾ ਨਾਲ ਕਬਾੜ ਕਰਨ ਦੀ ਨੀਤੀ ਦਾ ਐਲਾਨ 2020-21 ਦੇ ਕੇਂਦਰੀ ਬਜਟ ’ਚ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਇਸ ਨੀਤੀ ਦੇ ਚਾਰ ਮੁੱਖ ਤੱਤ ਹਨ। ਨਵੇਂ ਵਾਹਨਾਂ ’ਤੇ ਛੋਟ ਤੋਂ ਇਲਾਵਾ, ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ’ਤੇ ਗਰੀਨ ਟੈਕਸ ਅਤੇ ਹੋਰ ਟੈਕਸਾਂ ਦਾ ਪ੍ਰਬੰਧ ਹੈ। ਉਨ੍ਹਾਂ ਨੂੰ ਆਟੋਮੈਟਿਕ ਸਹੂਲਤਾਂ ਦੇ ਲਾਜ਼ਮੀ ਫਿਟਨੈੱਸ ਅਤੇ ਪ੍ਰਦਸ਼ੂਣ ਪ੍ਰੀਖਣਾਂ ’ਚੋਂ ਲੰਘਣਾ ਪਵੇਗਾ। ਇਸ ਲਈ ਦੇਸ਼ ਵਿੱਚ ਆਟੋਮੈਟਿਕ ਫਿਟਨੈੱਸ ਸੈਂਟਰ ਦੀ ਲੋੜ ਪਵੇਗੀ, ਜਿਸ ਸਬੰਧੀ ਅਸੀਂ ਕੰਮ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਆਟੋਮੈਟਿਕ ਪ੍ਰੀਖਣ ਪਾਸ ਨਾ ਕਰ ਸਕਣ ਵਾਹਨਾਂ ’ਤੇ ਜੁਰਮਾਨਾ ਲੱਗੇਗਾ।
ਉਨ੍ਹਾਂ ਦੱਸਿਆ ਕਿ ਆਟੋਮੈਟਿਕ ਫਿਟਨੈੱਸ ਪ੍ਰੀਖਣ ਜਨਤਕ-ਨਿੱਜੀ ਭਾਈਵਾਲੀ ਤਹਿਤ ਕੀਤੇ ਜਾਣਗੇ, ਜਦਕਿ ਸਰਕਾਰ ਨਿੱਜੀ ਭਾਈਵਾਲਾਂ ਅਤੇ ਸੂਬਾ ਸਰਕਾਰਾਂ ਨੂੰ ਵਾਹਨ ਕਬਾੜ ਕਰਨ ਵਾਲੇ ਪਲਾਂਟ ਲਾਉਣ ’ਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਹ ਨੀਤੀ ਵਾਹਨ ਉਦਯੋਗ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਮੁਤਾਬਕ ਸਰਕਾਰ ਵਾਹਨ ਉਦਯੋਗ ਨੂੰ ਸਭ ਤੋਂ ਵੱਧ ਲਾਭਕਾਰੀ ਸੈਕਟਰਾਂ ਵਿੱਚੋਂ ਇੱਕ ਬਣਾ ਰਹੀ ਹੈ, ਜਿਸ ਨਾਲ ਰੁਜ਼ਗਾਰ ਦੇ ਬਹੁਤ ਜ਼ਿਆਦਾ ਮੌਕੇ ਪੈਦਾ ਹੋਣਗੇ। -ਪੀਟੀਆਈ