ਕੋਲਕਾਤਾ/ਪੋਰਟ ਬਲੇਅਰ, 27 ਅਕਤੂਬਰ
ਕਲਕੱਤਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦਾ ਸਾਬਕਾ ਮੁੱਖ ਸਕੱਤਰ ਜਤਿੰਦਰ ਨਾਰਾਇਣ ਵੀਰਵਾਰ ਨੂੰ ਪੋਰਟ ਬਲੇਅਰ ਪੁੱਜਿਆ। ਅਦਾਲਤ ਨੇ ਅਧਿਕਾਰੀ ਨੂੰ 28 ਅਕਤੂਬਰ ਤੱਕ ਉਸ ਖਿਲਾਫ ਕਥਿਤ ਸਮੂਹਿਕ ਜਬਰ ਜਨਾਹ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਸਾਹਮਣੇ ਪੇਸ਼ ਹੋਣ ਦੀ ਹਦਾਇਤ ਕੀਤੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਸੁਰੱਖਿਆ ਵਿੱਚ ਨਾਰਾਇਣ ਨੂੰ ਹਵਾਈ ਅੱਡੇ ਤੋਂ ਬਾਹਰ ਲਿਜਾਇਆ ਗਿਆ। ਉਸਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਜੱਜ ਬਬਿੇਕ ਚੌਧਰੀ ਅਤੇ ਪ੍ਰਸਨਜੀਤ ਬਿਸਵਾਸ ‘ਤੇ ਆਧਾਰਿਤ ਵੋਕੇਸ਼ਨ ਬੈਂਚ ਨੇ ਨਰਾਇਣ ਨੂੰ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਦਿੱਤੀ ਹੋਈ ਹੈ। ਪੋਰਟ ਬਲੇਅਰ ਸਥਿਤ ਕਲਕੱਤਾ ਹਾਈ ਕੋਰਟ ਦਾ ਸਰਕਟ ਬੈਂਚ 14 ਨਵੰਬਰ ਨੂੰ ਮਾਮਲੇ ’ਤੇ ਸੁਣਵਾਈ ਕਰੇਗਾ। ਅਦਾਲਤ ਨੇ ਕਿਹਾ ਸੀ ਕਿ ਨਰਾਇਣ, ਜਿਸ ਨੂੰ 21 ਜੁਲਾਈ ਨੂੰ ਦਿੱਲੀ ਤਬਦੀਲ ਕੀਤਾ ਗਿਆ ਸੀ ਨੇ ਜਾਂਚ ਵਿੱਚ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।
ਸਿੱਟ ਇਕ ਔਰਤ ਵੱਲੋਂ ਨਰਾਇਣ ਅਤੇ ਹੋਰਾਂ ’ਤੇ 14 ਅਪਰੈਲ ਅਤੇ 1 ਮਈ ਨੂੰ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਲਾਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਦੀ ਪੋਰਟ ਬਲੇਅਰ ਦੇ ਐਬਰਡੀਨ ਥਾਣੇ ਵਿਚ 1 ਅਕਤੂਬਰ ਨੂੰ ਐਫਆਈਆਰ ਦਰਜ ਕੀਤੀ ਗਈ ਸੀ। ਬੈਂਚ ਨੇ ਸਿੱਟ ਨੂੰ ਪੁੱਛ-ਪੜਤਾਲ ਕਰਨ ਅਤੇ ਪੁੱਛਗਿੱਛ ਦੌਰਾਨ ਲੋੜੀਂਦੇ ਸਾਰੇ ਕਦਮ ਚੁੱਕਣ ਤੇ ਪਟੀਸ਼ਨਰ ਦੀ ਮੈਡੀਕਲ ਜਾਂਚ ਕਰਾਉਣ ਦੀ ਇਜਾਜ਼ਤ ਦਿੱਤੀ ਹੈ।-ਏਜੰਸੀ