ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਡਾਇਰੈਕਟਰ ਜਨਰਲ ਆਫ ਪੁਲੀਸ (ਡੀਜੀਪੀ) ਨੂੰ ਕਾਨਪੁਰ ਹਮਲੇ ਦੌਰਾਨ ਕਥਿਤ ਢਿੱਲ ਵਰਤਣ ’ਤੇ 30 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਹਦਾਇਤ ਕੀਤੀ ਹੈ। ਇਸ ਸਾਲ ਜੁਲਾਈ ਮਹੀਨੇ ਕਾਨਪੁਰ ’ਚ ਗੈਂਗਸਟਰ ਵਿਕਾਸ ਦੂਬੇ ਤੇ ਉਸ ਦੇ ਸਾਥੀਆਂ ਵੱਲੋਂ ਘਾਤ ਲਾ ਕੇ ਕੀਤੇ ਹਮਲੇ ’ਚ 8 ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਸਰਕਾਰ ਵੱਲੋਂ ਇਸ ਮਹੀਨੇ ਦੀ ਸ਼ੁਰੂਆਤ ’ਚ ਡੀਜੀਪੀ ਨੂੰ ਇੱਕ ਪੱਤਰ ਰਾਹੀਂ 14 ਪੁਲੀਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਨਿਰਦੇਸ਼ ਦਿੱਤੇ ਗਏ ਸਨ। ਸਰਕਾਰ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵਿੱਚੋਂ 8, ਜਿਨ੍ਹਾਂ ਵਿੱਚ ਚੌਬੇਪੁਰ ਦਾ ਤਤਕਾਲੀ ਐੱਸਐੱਚਓ ਵਿਨੈ ਤਿਵਾੜੀ ਵੀ ਸ਼ਾਮਲ ਹੈ, ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ। ਪੱਤਰ ਮੁਤਾਬਕ ਸਰਕਾਰ ਵੱਲੋਂ ਇਹ ਵੀ ਆਖਿਆ ਗਿਆ ਕਿ ਏਡੀਜੀ ਲਖਨਊ/ਕਾਨਪੁਰ ਵੱਲੋਂ ਇੱਕ ਅਧਿਕਾਰੀ ਤੋਂ ਢੁਕਵੀਂ ਜਾਂਚ ਕਰਵਾਉਣ ਮਗਰੋਂ 23 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਸਰਕਾਰ ਵੱਲੋਂ ਉਕਤ ਮੁਕਾਬਲੇ ਦੀ ਜਾਂਚ ਲਈ ਪਿਛਲੇ ਹਫ਼ਤੇ ਇੱਕ ‘ਸਿਟ’ ਕਾਇਮ ਕਰਨ ਮਗਰੋਂ ਕਾਨਪੁਰ ਦੇ ਤਤਕਾਲੀ ਪੁਲੀਸ ਮੁਖੀ ਅਨੰਤ ਦੇਵ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। -ਪੀਟੀਆਈ