ਗੌਂਡਾ (ਉੱਤਰ ਪ੍ਰਦੇਸ਼), 2 ਜੂਨ: ਗੌਂਡਾ ਜ਼ਿਲ੍ਹੇ ਦੇ ਵਜ਼ੀਰਗੰਜ ਖੇਤਰ ਵਿਚ ਲੰਘੀ ਦੇਰ ਰਾਤ ਇਕ ਮਕਾਨ ਵਿਚ ਰਸੋਈ ਗੈਸ ਸਿਲੰਡਰ ਫਟਣ ਨਾਲ ਦੋ ਮੰਜ਼ਿਲਾ ਮਕਾਨ ਢਹਿ-ਢੇਰੀ ਹੋ ਗਿਆ। ਇਸ ਦੌਰਾਨ ਮਲਬੇ ਵਿਚ ਦੱਬ ਕੇ ਅੱਠ ਲੋਕਾਂ ਦੀ ਮੌਤ ਹੋ ਗਈ ਜਦਕਿ ਸੱਤ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਨਨਾ ’ਤੇ ਡੂੰਘਾ ਦੁੱਖ ਜ਼ਾਹਿਰ ਕਰਦੇ ਹੋਏ ਘਟਨਾ ਦੇ ਕਾਰਨਾਂ ਦੀ ਜਾਂਚ ਕਰਵਾ ਕੇ ਰਿਪੋਰਟ ਦੇਣ ਅਤੇ ਜ਼ਖ਼ਮੀਆਂ ਦਾ ਮੁਕੰਮਲ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਅਧਿਕਾਰੀ ਮਾਰਕੰਡੇ ਸ਼ਾਹੀ ਨੇ ਦੱਸਿਆ ਕਿ ਟਿਕਰੀ ਗ੍ਰਾਮ ਪੰਚਾਇਤ ਦੇ ਠਠੇਰ ਪੁਰਵਾ ਵਾਸੀ ਨੁਰੂਲ ਹਸਨ ਦੇ ਘਰ ਲੰਘੀ ਦੇਰ ਰਾਤ ਰਸੋਈ ਗੈਸ ਸਿਲੰਡਰ ਫੱਟ ਗਿਆ ਜਿਸ ਕਾਰਨ ਦੋ ਮੰਜ਼ਿਲਾ ਮਕਾਨ ਢਹਿ-ਢੇਰੀ ਹੋ ਗਿਆ। ਮਕਾਨ ਦੇ ਮਲਬੇ ਵਿਚ ਦੱਬ ਕੇ ਅੱਠ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਨਿਸਾਰ ਅਹਿਮਦ (35), ਰੁਬਾਨਾ ਬਾਨੋ (32), ਸ਼ਮਸ਼ਾਦ (28), ਮੇਰਾਜ (11), ਸਾਇਰੂਨਿਨਸ਼ਾਂ (35), ਨੂਰੀ ਸਬਾ (12), ਮੁਹੰਮਦ ਸ਼ੋਏਬ (02) ਤੇ ਇਕ ਹੋਰ ਵਿਅਕਤੀ ਸ਼ਾਮਲ ਹੈ। -ਪੀਟੀਆਈ