ਦੇਹਰਾਦੂਨ/ ਰਿਸ਼ੀਕੇਸ਼, 27 ਅਪਰੈਲ
ਦਿਨੋਂ ਦਿਨ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਮੰਗਲਵਾਰ ਨੂੰ ਹਰਿਦੁਆਰ ਮਹਾਂਕੁੰਭ ਦਾ ਆਖਰੀ ਸ਼ਾਹੀ ਇਸ਼ਨਾਨ ਮਹਿਜ਼ ਰਸਮੀ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਵੱਖ-ਵੱਖ ਅਖਾੜਿਆਂ ਦੇ ਕਰੀਬ 670 ਸਾਧੂਆਂ ਨੇ ਹਰਿ ਕੀ ਪੌੜੀ ਵਿੱਚ ਗੰਗਾ ਵਿੱਚ ਇਸ਼ਨਾਨ ਕੀਤਾ। ਕਰੋਨਾ ਦਾ ਡਰ ਘਾਟ ’ਤੇ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਖੜ੍ਹੇ ਸਾਧੂਆਂ ਨੂੰ ਦੇਖ ਕੇ ਸਾਫ਼ ਝਲਕਦਾ ਸੀ। ਹਰਿ ਕੀ ਪੌੜੀ ਦਾ ਮੁੱਖ ਇਸ਼ਨਾਨ ਘਾਟ ਸਿਰਫ਼ ਅਖਾੜੇ ਦੇ ਸਾਧੂਆਂ ਲਈ ਰਾਖਵਾਂ ਸੀ।
ਹਰਿਦੁਆਰ ਦੇ ਜ਼ੋਨਲ ਅਧਿਕਾਰੀ (ਇੰਟੈਲੀਜੈਂਸ) ਸੁਨੀਤਾ ਵਰਮਾ ਨੇ ਦੱਸਿਆ ਕਿ ਪਹਿਲਾਂ ਜੂਨਾ, ਅਗਨੀ, ਅਵਾਹਨ ਅਤੇ ਕਿੰਨਰ ਅਖਾੜਿਆਂ ਦੇ 600 ਸਾਧੂਆਂ ਨੇ ਇਸ਼ਨਾਨ ਕੀਤਾ, ਉਸ ਤੋਂ ਬਾਅਦ ਨਿਰੰਜਣੀ ਅਤੇ ਆਨੰਦ ਅਖਾੜਿਆਂ ਦੇ 70 ਸਾਧੂਆਂ ਨੇ ਗੰਗਾ ਵਿੱਚ ਡੁਬਕੀ ਲਾਈ। ਉਨ੍ਹਾਂ ਦੱਸਿਆ ਕਿ ਹਰਿ ਕੀ ਪੌੜੀ ’ਤੇ ਅਜੇ ਸ਼ਾਮ ਤੱਕ ਸੱਤ ਹੋਰ ਅਖਾੜਿਆਂ ਨੇ ਗੰਗਾ ਇਸ਼ਨਾਨ ਕਰਨਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਅਪਰੈਲ ਨੂੰ ਸਾਧੂਆਂ ਨੂੰ ਮੰਗਲਵਾਰ ਦੇ ਆਖਰੀ ਸ਼ਾਹੀ ਇਸ਼ਨਾਨ ਨੂੰ ਰਸਮੀ ਰੱਖਣ ਦੀ ਅਪੀਲ ਕੀਤੀ ਸੀ, ਜਿਸ ਨੂੰ ਸੰਤਾਂ ਨੇ ਸਵੀਕਾਰ ਕੀਤਾ ਸੀ। ਇਸ ਤੋਂ ਪਹਿਲਾਂ ਸਵੇਰੇ ਸ਼ਾਹੀ ਇਸ਼ਨਾਨ ਸ਼ੁਰੂ ਹੋਣ ਤੋਂ ਪਹਿਲਾਂ ਕੁੰਭ ਮੇਲਾ ਅਧਿਕਾਰੀ ਦੀਪਕ ਰਾਵਤ, ਮੇਲਾ ਪੁਲੀਸ ਮੁਖੀ ਸੰਜੇ ਗੁੰਜਾਲ ਅਤੇ ਕੁੰਭ ਮੇਲੇ ਦੇ ਐੱਸਐੱਸਪੀ ਜਨਮੇਜਾ ਖੰਡੂਰੀ ਨੇ ਹਰਿ ਕੀ ਪੌੜੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਵਤ ਨੇ ਪ੍ਰਧਾਨ ਮੰਤਰੀ ਦੀ ਅਪੀਲ ਦੇ ਜਵਾਬ ਵਿੱਚ ਸ਼ਾਹੀ ਇਸ਼ਨਾਨ ਨੂੰ ਘਟਾਉਣ ਲਈ ਸ਼ਰਧਾਲੂਆਂ ਦਾ ਧੰਨਵਾਦ ਕੀਤਾ। -ਏਜੰਸੀਆਂ