ਤਲ ਅਵੀਵ ’ਚ ਬੰਧਕਾਂ ਦੀ ਰਿਹਾਈ ਲਈ ਰੋਸ ਮਾਰਚ
ਕਾਹਿਰਾ/ਤਲ ਅਵੀਵ, 25 ਦਸੰਬਰ
ਫਲਸਤੀਨ ਦੇ ਮੈਡੀਕਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰੀ ਗਾਜ਼ਾ ਵਿਚ ਇਜ਼ਰਾਇਲੀ ਹਵਾਈ ਹਮਲੇ ਨਾਲ ਮਰਨ ਵਾਲਿਆਂ ਦੀ ਗਿਣਤੀ 106 ਹੋ ਗਈ ਹੈ। ਇਹ ਹਮਲਾ ਐਤਵਾਰ ਰਾਤ ਇਜ਼ਰਾਈਲ ਨੇ ਇਕ ਸ਼ਰਨਾਰਥੀ ਕੈਂਪ ਉਤੇ ਕੀਤਾ ਹੈ। ਇਸ ਤੋਂ ਪਹਿਲਾਂ ਹਸਪਤਾਲ ਨੇ ਕਿਹਾ ਸੀ ਕਿ 68 ਲੋਕ ਮਾਰੇ ਗਏ ਹਨ। ਅੱਜ ਬਚਾਅ ਕਰਮੀਆਂ ਨੂੰ ਤਿੰਨ ਦਰਜਨ ਹੋਰ ਦੇਹਾਂ ਮਿਲੀਆਂ ਹਨ ਜਿਨ੍ਹਾਂ ਨੂੰ ਅਲ-ਅਕਸਾ ਹਸਪਤਾਲ ਲਿਜਾਇਆ ਗਿਆ। ਇਸੇ ਦੌਰਾਨ ਇਜ਼ਰਾਇਲੀ ਜਲ ਸੈਨਾ ਨੇ ਗਾਜ਼ਾ ਪੱਟੀ ਵਿਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਉਨ੍ਹਾਂ ਕਈ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੇ ਹਮਾਸ ਦੇ ਅਤਿਵਾਦੀ ਲੁਕੇ ਹੋਏ ਹਨ। ਇਸੇ ਦੌਰਾਨ ਖਾਨ ਯੂਨਿਸ ਵਿਚ ਹਵਾਈ ਹਮਲੇ ’ਚ ਇਕ ਹਮਾਸ ਕਮਾਂਡਰ ਮਾਰਿਆ ਗਿਆ ਹੈ। ਇਕ ਵੱਖਰੇ ਹਮਲੇ ਵਿਚ ਹਮਾਸ ਦੇ ਕਈ ਅਤਿਵਾਦੀ ਮਾਰੇ ਗਏ ਹਨ। ਹਮਾਸ ਵੱਲੋਂ ਬੰਧਕ ਬਣਾਏ ਵਿਅਕਤੀਆਂ ਨੂੰ ਵਾਪਸ ਲਿਆਉਣ ਦੀ ਮੰਗ ਵੀ ਇਜ਼ਰਾਈਲ ਵਿਚ ਜ਼ੋਰ ਫੜਦੀ ਜਾ ਰਹੀ ਹੈ। ਇਜ਼ਰਾਇਲੀ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਤਲ ਅਵੀਵ ਵਿਚ ਰੋਸ ਮਾਰਚ ਕੀਤਾ। ਉਹ ਰੋਸ ਜ਼ਾਹਿਰ ਕਰਦਿਆਂ ਇਜ਼ਰਾਇਲੀ ਸੰਸਦ ਤੱਕ ਗਏ। ਇਹ ਵਿਦਿਆਰਥੀ ਉਸ ਸਕੂਲ ਨਾਲ ਸਬੰਧਤ ਹਨ ਜਿਸ ਨੂੰ ਹਮਾਸ ਨੇ 7 ਅਕਤੂਬਰ ਦੇ ਹਮਲੇ ਵਿਚ ਨਿਸ਼ਾਨਾ ਬਣਾਇਆ ਸੀ। ਜ਼ਿਕਰਯੋਗ ਹੈ ਕਿ ਹਾਲੇ ਵੀ 129 ਵਿਅਕਤੀਆਂ ਨੂੰ ਹਮਾਸ ਨੇ ਬੰਧਕ ਬਣਾਇਆ ਹੋਇਆ ਹੈ। ਇਜ਼ਰਾਈਲ ਦਾ ਮੰਨਣਾ ਹੈ ਕਿ ਇਨ੍ਹਾਂ ਵਿਚੋਂ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। -ਏਪੀ/ਏਐੱਨਆਈ