ਜੈਪੁਰ, 1 ਅਕਤੂਬਰ
ਅਸ਼ੋਕ ਗਹਿਲੋਤ ਦੇ ਰਾਜਸਥਾਨ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦੀ ਕਸ਼ਮਕਸ਼ ਦਰਮਿਆਨ ਉਨ੍ਹਾਂ ਅੱਜ ਲੋਕਾਂ ਨੂੰ ਕਿਹਾ ਕਿ ਉਹ ਅਗਲੇ ਬਜਟ ਲਈ ਆਪਣੇ ਸੁਝਾਅ ਸਿੱਧੇ ਉਨ੍ਹਾਂ ਨੂੰ ਭੇਜਣ। ਇਸ ਤੋਂ ਉਨ੍ਹਾਂ ਸੰਕੇਤ ਦਿੱਤੇ ਹਨ ਕਿ ਉਹ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਆਖਰੀ ਸਾਹ ਤੱਕ ਸੂਬੇ ਦੇ ਲੋਕਾਂ ਤੋਂ ਦੂਰ ਨਹੀਂ ਰਹਿਣਗੇ ਅਤੇ ਕਾਂਗਰਸ ਸਰਕਾਰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ।
ਉਨ੍ਹਾਂ ਬੀਕਾਨੇਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਕਿਸੇ ਵੀ ਅਹੁਦੇ ’ਤੇ ਹੋ ਸਕਦਾ ਹਾਂ। ਮੈਂ ਰਾਜਸਥਾਨ ਤੋਂ ਹਾਂ। ਮੈਂ ਮਾਰਵਾੜ, ਜੋਧਪੁਰ, ਮਹਾਮੰਦਿਰ ਨਾਲ ਸਬੰਧਤ ਹਾਂ। ਮੈਂ ਜਿਸ ਥਾਂ ਜੰਮਿਆਂ ਹਾਂ, ਉਸ ਤੋਂ ਕਿਵੇਂ ਦੂਰ ਰਹਿ ਸਕਦਾ ਹਾਂ? ਮੈਂ ਆਪਣੇ ਆਖਰੀ ਸਾਹ ਤੱਕ ਰਾਜਸਥਾਨ ਦੀ ਸੇਵਾ ਕਰਦਾ ਰਹਾਂਗਾ।’ ਸਰਕਾਰ ਦੇ ਪੰਜਵੇਂ ਬਜਟ ਸਬੰਧੀ ਉਨ੍ਹਾਂ ਕਿਹਾ, ‘ਅਸੀਂ ਪੰਜ ਸਾਲ ਪੂਰੇ ਕਰਾਂਗੇ ਅਤੇ ਮੈਂ ਕਹਿ ਚੁੱਕਾ ਹਾਂ ਕਿ ਅਗਲਾ ਬਜਟ ਵਿਦਿਆਰਥੀਆਂ ਤੇ ਨੌਜਵਾਨਾਂ ਲਈ ਹੋਵੇਗਾ।’ ਉਨ੍ਹਾਂ ਕਿਹਾ ਕਿ ਭਾਜਪਾ ਉਨ੍ਹਾਂ ਦੀ ਸਰਕਾਰ ਤੋੜਨਾ ਚਾਹੁੰਦੀ ਹੈ ਪਰ ਉਹ ਮਜ਼ਬੂਤ ਹਨ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਨਿਮਰਤਾ ਦਿਖਾਉਣ ’ਤੇ ਕੀਤਾ ਤਨਜ਼
ਰਾਜਸਥਾਨ ਦੇ ਆਬੂ ਰੋਡ ’ਤੇ ਬੀਤੇ ਦਿਨ ਲੋਕਾਂ ਨੂੰ ਗੋਡਿਆਂ ਦੇ ਭਾਰ ਝੁਕ ਕੇ ਪ੍ਰਣਾਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕਸਦਿਆਂ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਮੋਦੀ ਉਨ੍ਹਾਂ (ਗਹਿਲੋਤ) ਤੋਂ ਵੱਧ ਨਿਮਰ ਦਿਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪ੍ਰਣਾਮ ਕਰਨ ਦੀ ਥਾਂ ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਨੂੰ ਭਾਈਚਾਰੇ ਤੇ ਪਿਆਰ ਦਾ ਸੁਨੇਹਾ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸ ਅੱਜ ਵੀ ਦੇਸ਼ ਨੂੰ ਮਜ਼ਬੂਤ ਵਿਰੋਧੀ ਧਿਰ ਦੇਣ ਦੀ ਸਥਿਤੀ ’ਚ ਹੈ।