ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਭਾਜਪਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਫ਼ਿਰਕਾਪ੍ਰਸਤ ਨੀਤੀਆਂ ਖ਼ਿਲਾਫ਼ ਅਤੇ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕਾਂ ਲਈ ਸੀਟੂ, ਕੁੱਲ ਹਿੰਦ ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਤਾਲਕਟੋਰਾ ਸਟੇਡੀਅਮ ਵਿੱਚ ਮਜ਼ਦੂਰ ਕਿਸਾਨ ਰੈਲੀ ਕੀਤੀ ਗਈ, ਜਿਸ ਵਿੱਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਇਸ ਕਨਵੈਨਸ਼ਨ ਨੂੰ ਸੀਟੂ ਦੇ ਕੌਮੀ ਆਗੂ ਕਾਮਰੇਡ ਤਪਨ ਸੇਨ, ਡਾ. ਕੇ. ਹੇਮਲਤਾ, ਐੱਮਐੱਲ ਮਲਕੋਟੀਆ, ਕਿਸਾਨ ਸਭਾ ਦੇ ਕੌਮੀ ਆਗੂ ਕਾਮਰੇਡ ਹਨਨ ਮੌਲਾ ਤੇ ਖੇਤ ਮਜ਼ਦੂਰ ਯੂਨੀਅਨ ਸਣੇ ਕਈ ਕੌਮੀ ਫੈੱਡਰੇਸ਼ਨਾਂ ਦੇ ਕੌਮੀ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਸੀਟੂ ਦੇ ਆਗੂ ਗੰਗੇਸ਼ਵਰ ਦੱਤ ਸ਼ਰਮਾ ਨੇ ਦੱਸਿਆ ਕਿ ਜਨਰਲ ਕਨਵੈਨਸ਼ਨ ਵਿੱਚ ਸਾਰੇ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤ 26 ਹਜ਼ਾਰ ਰੁਪਏ ਤੇ ਪੈਨਸ਼ਨ 10 ਹਜ਼ਾਰ ਰੁਪਏ ਯਕੀਨੀ ਬਣਾਉਣ, ਠੇਕੇਦਾਰੀ ਪ੍ਰਥਾ ਬੰਦ ਕਰਨ, ਅਗਨੀਪਥ ਯੋਜਨਾ ਰੱਦ ਕਰਨ, ਚਾਰ ਲੇਬਰ ਕੋਡ ਖ਼ਤਮ ਕਰਨ ਤੇ ਬਿਜਲੀ ਸੋਧ ਬਿੱਲ-2022 ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਮੰਗ ਕੀਤੀ ਗਈ ਕਿ ਮਹਿੰਗਾਈ ਨੂੰ ਠੱਲ੍ਹ ਪਾ ਕੇ ਖਾਣ-ਪੀਣ ਵਾਲੀਆਂ ਵਸਤਾਂ ਤੇ ਜ਼ਰੂਰੀ ਵਸਤਾਂ ’ਤੇ ਲਾਈ ਜੀਐੱਸਟੀ ਵਾਪਸ ਲਈ ਜਾਵੇ, ਪੈਟਰੋਲ-ਡੀਜ਼ਲ, ਮਿੱਟੀ ਦਾ ਤੇਲ ਤੇ ਰਸੋਈ ਗੈਸ ’ਤੇ ਕੇਂਦਰੀ ਐਕਸਾਈਜ਼ ਡਿਊਟੀ ਘਟਾਈ ਜਾਵੇ ਤੇ ਸਾਰੇ ਨਾਗਰਿਕਾਂ ਲਈ ਰਿਹਾਇਸ਼ ਯਕੀਨੀ ਬਣਾਉਣ ਲਈ 14 ਸੂਤਰੀ ਮੰਗ ਪੱਤਰ ਪਾਸ ਕੀਤਾ ਗਿਆ। ਕਨਵੈਨਸ਼ਨ ਵਿੱਚ ਸੀਟੂ ਆਗੂ ਗੰਗੇਸ਼ਵਰ ਦੱਤ ਸ਼ਰਮਾ, ਰਾਮਸਾਗਰ, ਮਹਿੰਦਰ ਸਿੰਘ, ਮੁਕੇਸ਼ ਕੁਮਾਰ ਰਾਘਵ, ਸੁਖਲਾਲ, ਧਰਮਿੰਦਰ ਸਣੇ ਸੀਟੂ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ।