ਨਵੀਂ ਦਿੱਲੀ, 24 ਜੂਨ
ਭਾਰਤ-ਚੀਨ ਵਿਚਾਲੇ ਵਧੀ ਤਲਖ਼ੀ ਦੇ ਮੱਦੇਨਜ਼ਰ ਥਲ ਸੈਨਾ ਮੁਖੀ ਜਨਰਲ ਐੱਮ.ਅੇੱਮ. ਨਰਵਾਣੇ ਨੇ ਅੱਜ ਪੂਰਬੀ ਲੱਦਾਖ ਵਿੱਚ ਕਈ ਮੂਹਰਲੀਆਂ ਚੌਕੀਆਂ ਦਾ ਦੌਰਾ ਕੀਤਾ ਅਤੇ ਖੇਤਰ ਵਿੱਚ ਫੌਜ ਦੀ ਤਿਆਰੀ ਦਾ ਜਾਇਜ਼ਾ ਲਿਆ।
ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਦੇ ਦੋ-ਰੋਜ਼ਾ ਦੌਰੇ ਲਈ ਲੇਹ ਪੁੱਜੇ ਜਨਰਲ ਨਰਵਾਣੇ ਨੇ ਚੀਨੀ ਫੌਜ ਨਾਲ ਸੱਜਰੀਆਂ ਹਿੰਸਕ ਝੜਪਾਂ ਦੌਰਾਨ ਬਹਾਦਰੀ ਨਾਲ ਲੜਨ ਵਾਲੇ ਕਈ ਜਵਾਨਾਂ ਨੂੰ ਸ਼ਲਾਘਾ ਪੱਤਰ ਵੀ ਵੰਡੇ। ਥਲ ਸੈਨਾ ਦੇ ਮੁਖੀ ਨੇ ਊੱਤਰੀ ਫੌਜ ਦੇ ਕਮਾਂਡਰ ਲੈਫਟੀ. ਜਨਰਲ ਯੋਗੇਸ਼ ਕੁਮਾਰ ਜੋਸ਼ੀ, 14 ਕੋਰ ਦੇ ਕਮਾਂਡਰ ਲੈਫਟੀ. ਜਨਰਲ ਹਰਿੰਦਰ ਸਿੰਘ ਅਤੇ ਕਈ ਹੋਰ ਸੀਨੀਅਰ ਫੌਜੀ ਅਧਿਕਾਰੀਆਂ ਸਣੇ ਮੰਗਲਵਾਰ ਦੁਪਹਿਰ ਖੇਤਰ ਵਿੱਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਥਲ ਸੈਨਾ ਨੇ ਟਵੀਟ ਕੀਤਾ, ‘‘ਥਲ ਸੈਨਾ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨੇ ਪੂਰਬੀ ਲੱਦਾਖ ਦੀਆਂ ਮੂਹਰਲੀਆਂ ਚੌਕੀਆਂ ਦਾ ਦੌਰਾ ਕੀਤਾ ਅਤੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਿਆ। ਥਲ ਸੈਨਾ ਮੁਖੀ ਨੇ ਜਵਾਨਾਂ ਨੂੰ ਊਨ੍ਹਾਂ ਦੇ ਬੁਲੰਦ ਹੌਸਲਿਆਂ ਲਈ ਸਾਬਾਸ਼ ਦਿੱਤੀ ਅਤੇ ਊਨ੍ਹਾਂ ਨੂੰ ਲਗਾਤਾਰ ਜੋਸ਼ ਅਤੇ ਊਤਸ਼ਾਹ ਨਾਲ ਕੰਮ ਕਰਦੇ ਰਹਿਣ ਲਈ ਊਤਸ਼ਾਹਿਤ ਕੀਤਾ।’’
ਲੇਹ ਪੁੱਜਦਿਆਂ ਹੀ ਜਨਰਲ ਨਰਵਾਣੇ ਨੇ ਫੌਜੀ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਗਲਵਾਨ ਵਾਦੀ ਵਿੱਚ 15 ਜੂਨ ਨੂੰ ਹੋਈਆਂ ਹਿੰਸਕ ਝੜਪਾਂ ’ਚ ਜ਼ਖ਼ਮੀ ਹੋਏ 18 ਜਵਾਨ ਜ਼ੇਰੇ ਇਲਾਜ ਹਨ। ਇਨ੍ਹਾਂ ਝੜਪਾਂ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਜਨਰਲ ਨਰਵਾਣੇ ਵਲੋਂ ਦਿੱਤੇ ਸ਼ਲਾਘਾ ਪੱਤਰਾਂ ਬਾਰੇ ਪੁੱਛੇ ਜਾਣ ’ਤੇ ਫੌਜ ਦੇ ਸੂਤਰ ਨੇ ਦੱਸਿਆ, ‘‘ਜਦੋਂ ਵੀ ਥਲ ਸੈਨਾ ਮੁਖੀ ਇਕਾਈਆਂ ਦਾ ਦੌਰਾ ਕਰਦੇ ਹਨ, ਤਾਂ ਡਿਊਟੀ ਦੌਰਾਨ ਬੇਮਿਸਾਲ ਸੁਹਿਰਦਤਾ ਦਿਖਾਊਣ ਵਾਲੇ ਜਵਾਨਾਂ ਨੂੰ ਮੌਕੇ ’ਤੇ ਸ਼ਲਾਘਾ ਪੱਤਰ ਦਿੱਤੇ ਜਾਣ ਦਾ ਨੇਮ ਹੈ। ਇਸ ਮਾਮਲੇ ਵਿੱਚ ਵੀ ਡਿਊਟੀ ਪ੍ਰਤੀ ਸੁਹਿਰਦਤਾ ਵਾਲੇ ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ।’’ ਇਹ ਪਤਾ ਲੱਗਿਆ ਹੈ ਕਿ ਗਲਵਾਨ ਵਾਦੀ ਵਿੱਚ ਬਹਾਦਰੀ ਨਾਲ ਲੜਨ ਵਾਲੇ ਜਵਾਨਾਂ ਨੂੰ ਸ਼ਲਾਘਾ ਪੱਤਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਲੇਹ ਦੀ 14 ਕੋਰ ਵਲੋਂ ਲੱਦਾਖ ਖੇਤਰ ਵਿੱਚ ਅਸਲ ਕੰਟਰੋਲ ਰੇਖਾ ’ਤੇ ਸੁਰੱਖਿਆ ਸਥਿਤੀ ਸੰਭਾਲੀ ਜਾ ਰਹੀ ਹੈ। ਸੋਮਵਾਰ ਨੂੰ ਲੈਫਟੀ. ਜਨਰਲ ਸਿੰਘ ਨੇ ਕਰੀਬ 11 ਘੰਟੇ ਤਿੱਬਤ ਫੌਜੀ ਜ਼ਿਲ੍ਹੇ ਦੇ ਕਮਾਂਡਰ ਮੇਜਰ ਜਨਰਲ ਲਿਊ ਲਿਨ ਨਾਲ ਬੈਠਕ ਕੀਤੀ ਸੀ। ਬੈਠਕ ਵਿੱਚ ਦੋਵੇਂ ਧਿਰਾਂ ਵਿਚਾਲੇ ਪੂਰਬੀ ਲੱਦਾਖ ਦੇ ਸਾਰੇ ਖੇਤਰਾਂ ’ਚੋਂ ਪਿੱਛੇ ਹਟਣ ’ਤੇ ‘ਆਪਸੀ ਸਹਿਮਤੀ’ ਬਣੀ ਸੀ।
-ਪੀਟੀਆਈ