ਆਦਿਤੀ ਟੰਡਨ
ਨਵੀਂ ਦਿੱਲੀ, 11 ਸਤੰਬਰ
ਕੈਂਸਰ ਦਾ ਇਲਾਜ ਕਰਨ ਵਾਲੇ ਚੋਟੀ ਦੇ ਡਾਕਟਰਾਂ (ਓਂਕੋਲੌਜਿਸਟ) ਨੇ ਅੱਜ ਕਿਹਾ ਹੈ ਕਿ ਜੈਨੇਟਿਕ ਟੈਸਟਿੰਗ ਨਾਲ ਕੈਂਸਰ ਨੂੰ ਘਟਾਇਆ ਜਾ ਸਕਦਾ ਹੈ ਤੇ ਬਿਮਾਰੀ ਨੂੰ ਹੋਣ ਤੋਂ ਰੋਕਿਆ ਵੀ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਦੇ ਸਰੀਰ ਵਿਚ ਅਜਿਹੇ ਜੀਨ ਹੁੰਦੇ ਹਨ ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਕੈਂਸਰ ਦਾ ਜੋਖ਼ਮ ਬਣਿਆ ਰਹਿ ਸਕਦਾ ਹੈ। ਇਹ ਜੀਨ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਤੋਂ ਮਿਲੇ ਹੋ ਸਕਦੇ ਹਨ ਜਿਨ੍ਹਾਂ ਨਾਲ ਕੈਂਸਰ ਹੋਣ ਦਾ ਜੋਖ਼ਮ ਹੋਵੇ। ਡਾਕਟਰਾਂ ਮੁਤਾਬਕ ਛਾਤੀ, ਓਵਰੀਅਨ ਤੇ ਬੱਚੇਦਾਨੀ ਦੇ ਕੈਂਸਰ ਤੋਂ ਪੀੜਤ ਔਰਤਾਂ ਦੇ ਸਰੀਰ ਵਿਚ ਕੁਝ ਖਾਸ ‘ਜੈਨੇਟਿਕ ਮਿਊਟੇਸ਼ਨਸ’ ਕੈਂਸਰ ਦੇ ਗੰਭੀਰ ਖ਼ਤਰੇ ਨਾਲ ਜੁੜੀਆਂ ਹੁੰਦੀਆਂ ਹਨ। ਅਜਿਹੇ ਮਰੀਜ਼ਾਂ ਵਿਚ ਕੈਂਸਰ ਪੈਦਾ ਕਰਨ ਵਾਲੀ ਜੈਨੇਟਿਕ ਮਿਊਟੇਸ਼ਨ, ਜੋ ਜੀਨ ਦੇ ਅਸਲੀ ਸਰੂਪ ਨੂੰ ਵਿਗਾੜਦੀ ਹੈ, ਦਾ ਪਤਾ ਲਾ ਕੇ ਕੈਂਸਰ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਲੰਡਨ ਆਧਾਰਿਤ ਓਂਕੋਲੌਜਿਸਟ (ਕੈਂਸਰ ਮਾਹਿਰ) ਤੇ ਏਮਸ ਦੀ ਇਨਫੋਸਿਸ ਚੇਅਰ ਆਫ ਓਂਕੋਲੌਜੀ ਦੇ ਹੈੱਡ ਡਾ. ਰਣਜੀਤ ਮਨਚੰਦਾ ਨੇ ਕਿਹਾ ਕਿ ਜੀਨ ਟੈਸਟਿੰਗ ਤੋਂ ਬਾਅਦ ਉਪਲਬਧ ਇਲਾਜ ਰਾਹੀਂ ਅਜਿਹਾ ਕੀਤਾ ਜਾ ਸਕਦਾ ਹੈ। ਉਨ੍ਹਾਂ ਇਜ਼ਰਾਈਲ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉੱਥੇ ਕੈਂਸਰ ਨੂੰ ਨੱਥ ਪਾਉਣ ਲਈ ਆਬਾਦੀ ਅਧਾਰਿਤ ਜੈਨੇਟਿਕ ਟੈਸਟਿੰਗ ਕੀਤੀ ਜਾ ਰਹੀ ਹੈ। ਡਾ. ਮਨਚੰਦਾ ਨੇ ਕਿਹਾ ਕਿ ਜੈਨੇਟਿਕ ਟੈਸਟਿੰਗ ਰਾਹੀਂ ਓਵਰੀਅਨ ਕੈਂਸਰ ਦੇ 20 ਪ੍ਰਤੀਸ਼ਤ, ਛਾਤੀ ਦੇ 4-5 ਪ੍ਰਤੀਸ਼ਤ ਤੇ ਬੱਚੇਦਾਨੀ ਦੇ 3-5 ਪ੍ਰਤੀਸ਼ਤ ਕੈਂਸਰ ਕੇਸਾਂ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਵੀ ਜੈਨੇਟਿਕ ਟੈਸਟਿੰਗ ਰਾਹੀਂ ਕੈਂਸਰ ਘਟਣ ਦੇ ਸਬੂਤ ਹਨ।