ਨਵੀਂ ਦਿੱਲੀ, 5 ਮਾਰਚ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਾ ਹੋਣ ’ਤੇ ਸ਼ਨਿਚਰਵਾਰ ਨੂੰ ਕੇਂਦਰ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ‘ਲੋਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਵਾ ਲੈਣੀਆਂ ਚਾਹੀਦੀਆਂ ਹਨ, ਕਿਉਂਕਿ ਮੋਦੀ ਸਰਕਾਰ ਦਾ ‘ਚੋਣ ਆਫਰ’ ਖਤਮ ਹੋ ਰਿਹਾ ਹੈ। ਕਾਂਗਰਸ ਨੇਤਾਵਾਂ ਦਾ ਦਾਅਵਾ ਹੈ ਕਿ ਉੱਤਰ ਪ੍ਰਦੇਸ਼ ਸਮੇਤ ਪੰੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਚਲਦੇ ਬੀਤੇ ਕੁਝ ਹਫ਼ਤਿਆਂ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨਹੀਂ ਵਧੀਆਂ ਹਨ ਅਤੇ ਚੋਣਾਂ ਖਤਮ ਹੋਣ ਬਾਅਦ ਇਸ ਵਿੱਚ ਵਾਧਾ ਹੋਵੇਗਾ। ’’
ਉਧਰ, ਆਈਸੀਆਈਸੀਆਈ ਸਕਿਓਰਿਟੀਜ਼ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ ਹੈ ਕਿ ਬੀਤੇ ਦੋ ਮਹੀਨਿਆਂ ਵਿੱਚ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਨੂੰ ਲਾਗਤ ਵਸੂਲੀ ਲਈ 16 ਮਾਰਚ 2022 ਜਾਂ ਉਸ ਤੋਂ ਪਹਿਲਾਂ ਤੇਲ ਕੀਮਤਾਂ ਵਿੱਚ 12.1 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਜੇ ਤੇਲ ਕੰਪਨੀਆਂ ਦਾ ਕਮਿਸ਼ਨ ਵੀ ਜੋੜਿਆ ਜਾਵੇ ਤਾਂ 15.1 ਰੁਪਏ ਪ੍ਰਤੀ ਲਿਟਰ ਕੀਮਤ ਵਧਾਉਣ ਦੀ ਲੋੜ ਹੋਵੇਗੀ। ਵੀਰਵਾਰ ਨੂੰ ਕੱਚੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਹੋ ਗਈ ਸੀ ਜੋ ਬੀਤੇ ਨੌਂ ਸਾਲਾਂ ਵਿੱਚ ਸਭ ਤੋਂ ਵਧ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਇਹ ਘੱਟ ਕੇ 111 ਡਾਲਰ ਪ੍ਰਤੀ ਬੈਰਲ ਰਹਿ ਗਈ। ਜ਼ਿਕਰਯੋਗ ਹੈ ਕਿ ਕੱਚੇ ਤੇਲ ਦੀ ਕੀਮਤ ਵਿੱਚ ਉਛਾਲ ਨੂੰ ਰੂਸ- ਯੂਕਰੇਨ ਜੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। -ਏਜੰਸੀ