ਗਾਜ਼ੀਆਬਾਦ, 21 ਜੂਨ
ਟਵਿੱਟਰ ਇੰਡੀਆ ਦੇ ਪ੍ਰਬੰਧਕੀ ਨਿਰਦੇਸ਼ਕ ਨੇ ਬਜ਼ੁਰਗ ਮੁਸਲਮਾਨ ਨਾਲ ਸਬੰਧਤ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਸਰਕੁਲੇਟ ਕੀਤੇ ਜਾਣ ਦੇ ਮਾਮਲੇ ਵਿੱਚ ਗਾਜ਼ੀਆਬਾਦ ਪੁਲੀਸ ਵੱਲੋਂ ਵਿੱਢੀ ਜਾਂਚ ਵਿੱਚ ਵਰਚੁਅਲੀ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਗਾਜ਼ੀਆਬਾਦ ਪੁਲੀਸ ਨੂੰ ਦੱਸ ਦਿੱਤਾ ਗਿਆ ਹੈ ਕਿ ਉਸ ਵੱਲੋਂ ਜਾਂਚ ਲਈ ਮੰਗੀ ਗਈ ਜਾਣਕਾਰੀ ਟਵਿੱਟਰ ਇੰਡੀਆ ਨਾਲ ਨਹੀਂ ਬਲਕਿ ਮਾਈਕਰੋ ਬਲੌਗਿੰਗ ਸਾਈਟ ਦੇ ਆਲਮੀ ਹੈੱਡ ਆਫ਼ਿਸ ‘ਟਵਿੱਟਰ ਇੰਕ’ ਨਾਲ ਸਬੰਧਤ ਹੈ। ਗਾਜ਼ੀਆਬਾਦ ਪੁਲੀਸ ਨੇ ਟਵਿੱਟਰ ਇੰਡੀਆ ਦੇ ਐੱਮਡੀ ਮਨੀਸ਼ ਮਹੇਸ਼ਵਰੀ, ਜੋ ਕਰਨਾਟਕ ਦੀ ਰਾਜਧਾਨੀ ਬੰਗਲੂਰੂ ਵਿੱਚ ਰਹਿੰਦੇ ਹਨ, ਨੂੰ 17 ਜੂਨ ਨੂੰ ਨੋਟਿਸ ਜਾਰੀ ਕਰਕੇ ਸੱਤ ਦਿਨਾਂ ਅੰਦਰ ਲੋਨੀ ਬਾਰਡਰ ਪੁਲੀਸ ਸਟੇੇਸ਼ਨ ਵਿੱਚ ਪੇਸ਼ ਹੋ ਕੇ ਇਸ ਕੇਸ ਵਿੱਚ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ। ਗਾਜ਼ੀਆਬਾਦ (ਪੇਂਡੂ) ਦੇ ਐੱਸਪੀ ਇਰਾਜ ਰਾਜਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ‘ਟਵਿੱਟਰ ਇੰਡੀਆ ਦੇ ਐੱਮਡੀ ਨੇ ਹਾਲ ਦੀ ਘੜੀ ਵੀਡੀਓ ਕਾਲ ਜ਼ਰੀਏ ਜਾਂਚ ਵਿੱਚ ਸ਼ਾਮਲ ਹੋਣ ਤੇ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। -ਪੀਟੀਆਈ