ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਜੁਲਾਈ
ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ 7 ਮਹੀਨਿਆਂ ਤੋਂ ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ ’ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਭਾਜਪਾ ਕਾਰਕੁਨਾਂ ਦਰਮਿਆਨ ਬੀਤੇ ਦਿਨ ਹੋਈ ਝੜਪ ਦੇ ਮਾਮਲੇ ਵਿੱਚ ਗਾਜ਼ੀਆਬਾਦ ਪੁਲੀਸ ਨੇ 200 ਦੇ ਕਰੀਬ ਕਿਸਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਥਾਣੇ ਵਿੱਚ ਧਾਰਾ 147, 148, 223, 352, 427 ਤੇ 506 ਭਾਰਤੀ ਦੰਡਾਵਲੀ ਤਹਿਤ ਅਣਪਛਾਤੇ ਪ੍ਰਦਰਸ਼ਨਕਾਰੀ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਕੇਸ ਭਾਜਪਾ ਦੇ ਨਵ-ਨਿਯੁਕਤ ਜਨਰਲ ਸਕੱਤਰ ਅਮਿਤ ਵਾਲਮੀਕੀ ਦੀ ਸ਼ਿਕਾਇਤ ’ਤੇ ਦਰਜ ਕੀਤੇ ਗਏ ਹਨ। ਉਧਰ ਸੰਯੁਕਤ ਕਿਸਾਨ ਮੋਰਚੇ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਇਕਪਾਸੜ ਕਰਾਰ ਦਿੱਤਾ ਹੈ। ਇਸ ਦੌਰਾਨ ਵਾਲਮੀਕ ਭਾਈਚਾਰੇ ਨੇ ਕਿਸਾਨਾਂ ਦੇ ਹੱਕ ’ਚ ਨਿੱਤਰਦਿਆਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਨੂੰ ਮੁਕੰਮਲ ਹਮਾਇਤ ਦੇਣ ਤੇ ਭਾਜਪਾ-ਆਰਐੱਸਐੱਸ ਦੀਆਂ ਚਾਲਾਂ ਤੋਂ ਚੌਕਸ ਰਹਿਣ ਦਾ ਸੱਦਾ ਦਿੱਤਾ ਹੈ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਸਮੇਤ ਹੋਰ ਕਿਸਾਨ ਆਗੂਆਂ ਵੱਲੋਂ ਇਸ ਇਕਪਾਸੜ ਕਾਰਵਾਈ ਨੂੰ ਰੁਕਵਾਉਣ ਲਈ ਉੱਤਰ ਪ੍ਰਦੇਸ਼ ਪ੍ਰਸ਼ਾਸਨ ਉਪਰ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਭਾਜਪਾ ਦੇ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਜੋ ਖੌਰੂ ਪਾਉਣ ਦੀ ਨੀਅਤ ਤੇ ਸਾਜ਼ਿਸ਼ ਤਹਿਤ ਮੋਰਚੇ ਵਾਲੀ ਥਾਂ ਉਪਰ ਆਏ ਸਨ। ਉਂਜ ਅੱਜ ਸਾਰਾ ਦਿਨ ਕਿਸਾਨ ਆਗੂਆਂ ਦਾ ਪੁਲੀਸ ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਦੌਰ ਚੱਲਿਆ। ਸੀਨੀਅਰ ਅਧਿਕਾਰੀਆਂ ਨਾਲ ਮੋਰਚੇ ਦੇ ਆਗੂਆਂ ਨੇ ਫੋਨ ਉਪਰ ਗੱਲਬਾਤ ਕੀਤੀ। ਗਾਜ਼ੀਪੁਰ ਬਾਰਡਰ ਉਪਰ ਅੰਦੋਲਨਕਾਰੀ ਕਿਸਾਨ ਆਗੂਆਂ ਨੂੰ ਕੌਸ਼ਾਂਬੀ ਥਾਣੇ ਦੇ ਐਸਐੱਚਓ ਮਹਿੰਦਰ ਸਿੰਘ ਤੇ ਹੋਰ ਪੁਲੀਸ ਅਧਿਕਾਰੀ ਆ ਕੇ ਮਿਲੇ।
ਸੂਤਰਾਂ ਮੁਤਾਬਕ ਪੁਲੀਸ ਉਪਰ ਉੱਚ-ਪੱਧਰੀ ਦਬਾਅ ਹੋਣ ਕਰਕੇ ਇੱਕਪਾਸੜ ਕਾਰਵਾਈ ਕੀਤੀ ਗਈ ਹੈ। ਗਾਜ਼ੀਪੁਰ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ ਵੀ ਦਬਾਅ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਵੀ ਕੌਸੰਬੀ ਥਾਣੇ ਦੀ ਪੁਲੀਸ ਨੇ ਕਿਸਾਨਾਂ ਦੀ ਸ਼ਿਕਾਇਤ ਲੈਣ ਤੋਂ ਨਾਂਹ-ਨੁੱਕਰ ਕੀਤੀ ਸੀ, ਜਿਸ ਕਰਕੇ ਉਦੋਂ ਹੀ ਪੁਲੀਸ ਦੀ ਨੀਅਤ ਸ਼ੱਕੀ ਹੋ ਗਈ ਸੀ। ਇਸੇ ਦੌਰਾਨ ਗਾਜ਼ੀਆਬਾਦ ਦੇ ਵਾਲਮੀਕੀ ਭਾਈਚਾਰੇ ਦੇ ਆਗੂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਆਏ ਹਨ ਤੇ ਉਨ੍ਹਾਂ ਅੰਦੋਲਨ ਦਾ ਸਮਰਥਨ ਕੀਤਾ ਹੈ। ਕਿਸਾਨ ਆਗੂ ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਮਾਮਲੇ ਤਾਂ ਭਾਜਪਾ ਆਗੂਆਂ ਖ਼ਿਲਾਫ਼ ਦਰਜ ਹੋਣੇ ਚਾਹੀਦੇ ਸਨ ਕਿਉਂਕਿ ਉਹੀ ਸਾਜ਼ਿਸ਼ ਤਹਿਤ ਮੋਰਚੇ ਵਾਲੀ ਥਾਂ ’ਤੇ ਪੁੱਜੇ ਤੇ ਦੋਵਾਂ ਧਿਰਾਂ ਦਰਮਿਆਨ ਝੜਪ ਹੋਈ। ਜਦੋਂ ਕਿ ਕਿਸਾਨ ਤਾਂ ‘ਹੂਲ ਕ੍ਰਾਂਤੀ ਸਮਾਗਮ’ ਮਨਾ ਰਹੇ ਸਨ।
ਸੰਯੁਕਤ ਕਿਸਾਨ ਮੋਰਚੇ ਦੇ ਲੀਗਲ ਸੈੱਲ ਦੇ ਕਨਵੀਨਰ ਐਡਵੋਕੇਟ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਨ ਪਿੱਛੇ ਪੁਲੀਸ ਦੀ ਉਹੀ ਨੀਤੀ ਹੈ, ਜਿਸ ਹੇਠ ਲਾਲ ਕਿਲਾ ਹਿੰਸਾ ਮਾਮਲੇ ਵਿੱਚ ਨੌਜਵਾਨਾਂ ਤੇ ਕਿਸਾਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇੱਕ ਤਰ੍ਹਾਂ ਨਾਲ ਇਹ ਖੁੱਲ੍ਹੇ ਮੁਕੱਦਮੇ ਪਾ ਕੇ ਅਣਪਛਾਤੇ ਵਿਅਕਤੀ ਦੇ ਨਾਂ ਹੇਠ ਕਿਸੇ ਨੂੰ ਵੀ ਪੁਲੀਸ ਤੰਗ ਕਰ ਸਕਦੀ ਹੈ।
ਇਕਪਾਸੜ ਕਾਰਵਾਈ ਬਰਦਾਸ਼ਤ ਨਹੀਂ: ਭਾਕਿਯੂ
ਭਾਰਤੀ ਕਿਸਾਨ ਯੂਨੀਅਨ ਨੇ ਗਾਜ਼ੀਆਬਾਦ ਪੁਲੀਸ ਵੱਲੋਂ 200 ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਕੇਸ ਨੂੰ ਇਕਪਾਸੜ ਕਾਰਵਾਈ ਕਰਾਰ ਦਿੱਤਾ ਹੈ। ਕਿਸਾਨ ਯੂਨੀਅਨ ਨੇ ਕਿਹਾ ਕਿ ਕੇਸ ਅਸਲ ਵਿੱਚ ਅੰਦੋਲਨਕਾਰੀਆਂ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਬੀਕੇਯੂ ਨੇ ਕਿਹਾ ਕਿ ਕਿਸਾਨ ਰਾਜ ਭਰ ਦੇ ਥਾਣਿਆਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਹਮਲਾਵਰਾਂ ਖਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ। ਕਿਸਾਨ ਅਜਿਹੀਆਂ ਕਾਰਵਾਈਆਂ ਤੋਂ ਨਹੀਂ ਡਰਦੇ, ਅੰਦੋਲਨ ਨੂੰ ਤੋੜਨ ਦੀ ਕਿਸੇ ਵੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਕਿਸਾਨਾਂ ਦੀ ਸ਼ਿਕਾਇਤ ’ਤੇ ਵੀ ਕੇਸ ਦਰਜ
ਸੰਯੁਕਤ ਕਿਸਾਨ ਮੋਰਚੇ ਤੇ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਦਬਾਅ ਸਦਕਾ ਕੌਸੰਬੀ (ਗਾਜ਼ੀਆਬਾਦ) ਥਾਣੇ ਦੀ ਪੁਲੀਸ ਨੇ ਦਿੱਲੀ-ਯੂਪੀ ਬਾਰਡਰ ’ਤੇ ਗਾਜ਼ੀਆਬਾਦ ਵਿਖੇ ਕਿਸਾਨਾਂ ਤੇ ਭਾਜਪਾ ਵਰਕਰਾਂ ਦਰਮਿਆਨ ਹੋਈ ਝੜਪ ਮਾਮਲੇ ਵਿੱਚ ਅਣਪਛਾਤਿਆਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਗਾਜ਼ੀਆਬਾਦ ਜ਼ਿਲ੍ਹੇ ਦੇ ਬੀਕੇਯੂ ਆਗੂ ਜਤਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੇਸ ਨੰ. 520 ਮੁਤਾਬਕ ਅਣਪਛਾਤਿਆਂ ਨੇ ਮੋਰਚੇ ਦੀ ਸਟੇਜ ਕੋਲ ਆ ਕੇ ਨਾਅਰੇਬਾਜ਼ੀ ਤੇ ਗਾਲੀ ਗਲੋਚ ਕੀਤੀ।