ਜੰਮੂ, 25 ਸਤੰਬਰ
ਸਾਬਕਾ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਅਗਲੇ ਦੋ ਦਿਨਾਂ ਵਿੱਚ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਪੰਜ ਦਹਾਕਿਆਂ ਤੱਕ ਕਾਂਗਰਸ ਦਾ ਸਾਥ ਦੇਣ ਵਾਲੇ ਆਜ਼ਾਦ ਨੇ ਪਿਛਲੇ ਮਹੀਨੇ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ। ਦਿੱਲੀ ਤੋਂ ਅੱਜ ਜੰਮੂ ਸਥਿਤ ਆਪਣੇ ਘਰ ਪਰਤਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਜ਼ਾਦ ਨੇ ਕਿਹਾ, ‘‘ਮੈਂ ਆਪਣੀ ਪਾਰਟੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਭਲਕੇ ਸੋਮਵਾਰ ਨੂੰ ਮੀਡੀਆ ਨੂੰ ਸੱਦਾ ਦੇ ਰਿਹਾ ਹਾਂ। ਮੈਂ ਇੱਥੇ ਵਰਕਰਾਂ ਅਤੇ ਨੇਤਾਵਾਂ ਨੂੰ ਮਿਲਣ ਆਇਆ ਹਾਂ।’’ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਦੇ ਇੱਕ ਕਰੀਬੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਆਜ਼ਾਦ ਦੇ 27 ਸਤੰਬਰ ਦੇ ਸ੍ਰੀਨਗਰ ਦੌਰੇ ਦੀ ਜਾਣਕਾਰੀ ਸਾਂਝੀ ਕਰਦਿਆਂ ਉਸ ਨੇ ਦੱਸਿਆ ਕਿ ਉਹ ਅੱਜ ਵਿਸ਼ੇਸ਼ ਤੇ ਦੂਜੀ ਕਤਾਰ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਉਸ ਨੇ ਦੱਸਿਆ ਕਿ ਨਵੀਂ ਪਾਰਟੀ ਦੇ ਨਾਮ ਅਤੇ ਝੰਡੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਜੰਮੂ ਕਸ਼ਮੀਰ ਦੇ ਸਿਆਸੀ ਗਲਿਆਰੇ ਵਿੱਚ ਇੱਕ ਜਾਂ ਦੋ ਦਿਨਾਂ ਵਿੱਚ ਨਵਾਂ ਦਲ ਸਾਹਮਣੇ ਆ ਜਾਵੇਗਾ। -ਪੀਟੀਆਈ