ਨਵੀਂ ਦਿੱਲੀ, 30 ਮਾਰਚ
ਗੁਲਾਮ ਨਬੀ ਆਜ਼ਾਦ, ਜਿਹੜੇ ਕਿ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਵਿੱਚ ਬਦਲਾਅ ਦੀ ਮੰਗ ਕਰ ਰਹੇ ਜੀ-23 ਦੇ ਮੁੱਖ ਨੇਤਾ ਹਨ, ਨੇ ਬੁੱਧਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇਤਾ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਹੈ।
ਇਹ ਬੈਠਕ ਅਜਿਹੇ ਸਮੇਂ ਹੋਈ ਹੈ, ਜਦੋਂ ਆਜ਼ਾਦ ਅਤੇ ‘ਜੀ-23’ ਗੁੱਟ ਵੱਲੋਂ ਕਾਂਗਰਸ ਵਿੱਚ ਸਾਰੇ ਪੱਧਰਾਂ ’ਤੇ ਸਮੂਹਿਕ ਬਦਲਾਅ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਭਾਜਪਾ ਦਾ ਮੁਕਾਬਲਾ ਕਰਨ ਲਈ ਵੱਡੀ ਵਿਰੋਧੀ ਏਕਤਾ ਲਈ ਇੱਕ ਮਜ਼ਬੂਤ ਪਿੱਚ ਤਿਆਰ ਕੀਤੀ ਹੈ। ਦੱਸਣਯੋਗ ਹੈ ਕਿ ਸ਼ਰਦ ਪਵਾਰ ਨੂੰ ਕਈ ਲੋਕਾਂ ਵੱਲੋਂ ਵਿਰੋਧੀ ਏਕਤਾ ਲਈ ਇੱਕ ‘ਚੁੁੰਬਕ’ ਵਜੋਂ ਦੇਖਿਆ ਜਾਂਦਾ ਹੈ। ਇਸ ਮਰਾਠਾ ਨੇਤਾ ਦੇ ਰਾਜੀਨੀਤਕ ਵੰਡ ਤੋਂ ਪਰੇ ਵੀ ਮਿੱਤਰ ਅਤੇ ਪ੍ਰਸ਼ੰਸਕ ਹਨ। ਪਵਾਰ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਆਜ਼ਾਦ ਜਦੋਂ ਵੀ ਸੰਸਦ ਸੈਸ਼ਨ ਦੌਰਾਨ ਕੌਮੀ ਰਾਜਧਾਨੀ ਵਿੱਚ ਹੁੰਦੇ ਹਨ ਤਾਂ ਆਮ ਤੌਰ ’ਤੇ ਹੀ ਐੱਨਸੀਪੀ ਮੁਖੀ ਨਾਲ ਮੁਲਾਕਾਤ ਕਰਦੇ ਹਨ। -ਪੀਟੀਆਈ