ਜੰਮੂ, 28 ਫਰਵਰੀ
ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਆਗੂਆਂ ਨੂੰ ਪਸੰਦ ਕਰਦੇ ਹਨ ਜਿਨ੍ਹਾਂ ਨੂੰ ਆਪਣੇ ਅਤੀਤ ’ਤੇ ਮਾਣ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚਾਹ ਵੇਚਣ ਨਾਲ ਜੁੜੇ ਆਪਣੇ ਅਤੀਤ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਆਜ਼ਾਦ ਨੇ ਇੱਥੇ ਗੁੱਜਰ ਦੇਸ਼ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਦੁਨੀਆ ਤੋਂ ਆਪਣੀ ਸਚਾਈ ਨਹੀਂ ਲੁਕਾਉਣੀ ਚਾਹੀਦੀ। ਉਨ੍ਹਾਂ ਕਿਹਾ, ‘ਮੈਂ ਆਪ ਪਿੰਡ ਤੋਂ ਹਾਂ ਅਤੇ ਮੈਨੂੰ ਇਸ ਗੱਲ ਦਾ ਮਾਣ ਹੈ। ਮੈਂ ਪ੍ਰਧਾਨ ਮੰਤਰੀ ਵਰਗੇ ਆਗੂਆਂ ਦੀ ਸ਼ਲਾਘਾ ਕਰਦਾ ਹਾਂ ਕਿ ਜੋ ਕਹਿੰਦੇ ਹਨ ਕਿ ਉਹ ਪਿੰਡ ਤੋਂ ਹਨ। ਉਹ ਚਾਹ ਵੇਚਦੇ ਸਨ।’ ਆਜ਼ਾਦ ਨੇ ਕਿਹਾ, ‘ਮੋਦੀ ਨਾਲ ਮੇਰੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਉਹ ਵੀ ਅਤੀਤ ’ਚ ਚਾਹ ਵਾਲਾ ਹੋਣ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ।’
ਆਜ਼ਾਦ ਦੀ ਇਸ ਟਿੱਪਣੀ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਦੀ ਅਗਵਾਈ ’ਚ ਤਬਦੀਲੀ ਤੇ ਜਥੇਬੰਦਕ ਫੇਰਬਦਲ ਦੀ ਮੰਗ ਕਰਨ ਵਾਲੇ ‘ਜੀ-23’ ਦੇ ਕਈ ਆਗੂ ਇੱਕ ਮੰਚ ’ਤੇ ਇਕੱਠੇ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਕਮਜ਼ੋਰ ਹੋ ਰਹੀ ਹੈ ਅਤੇ ਉਹ ਇਸ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋਏ ਹਨ। -ਪੀਟੀਆਈ