ਨਵੀਂ ਦਿੱਲੀ, 21 ਅਪਰੈਲ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਸਾਰੇ ਮੁਲਕ ਵਿੱਚ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਲਾਗੂ ਕਰਨ ਲਈ ਇੱਕ ਕਾਨੂੰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਇਹ ਮੰਗ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਹੋਈ ਹਿੰਸਾ ਮਗਰੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਵੋਟ ਦੇ ਸੌਦਾਗਰ ਸਮਾਜਿਕ ਭਾਈਚਾਰੇ ਨੂੰ ਭੰਗ ਕਰਨਾ ਚਾਹੁੰਦੇ ਹਨ। ਆਪਣੇ ਸੁਨੇਹੇ ’ਚ ਭਾਜਪਾ ਦੇ ਸੀਨੀਅਰ ਆਗੂ ਨੇ ਜਹਾਂਗੀਰਪੁਰੀ ਦੀ ਘਟਨਾ ਦਾ ਸਬੰਧ ਇਸ ਤੋਂ ਪਹਿਲਾਂ ਹੋਈਆਂ ਘਟਨਾਵਾਂ ਨਾਲ ਜੋੜਿਆ, ਜਿਨ੍ਹਾਂ ਵਿੱਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਮੁਜ਼ਾਹਰੇ, ਰਾਮ ਮੰਦਰ ਦਾ ਵਿਰੋਧ ਤੇ ਹਾਲ ਹੀ ’ਚ ਹੋਇਆ ਹਿਜਾਬ ਵਿਵਾਦ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜਹਾਂਗੀਰਪੁਰੀ ਵਿੱਚ ਉਸਾਰੀਆਂ ਢਾਹੁਣ ਦੇ ਉੱਤਰ ਦਿੱਲੀ ਨਗਰ ਨਿਗਮ ਦੀ ਮੁਹਿੰਮ ਤੋਂ ਬਾਅਦ ਵੱਡਾ ਰਾਜਸੀ ਵਿਵਾਦ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਹਾਂਗੀਰਪੁਰੀ ਦੀ ਘਟਨਾ ਮਗਰੋਂ ਇਹ ਗੱਲ ਅਹਿਮ ਹੈ ਕਿ ਪੂਰੇ ਮੁਲਕ ਵਿੱਚ ਐੱਨਆਰਸੀ ਕਾਨੂੰਨ ਲਾਗੂ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ